ਹੜ੍ਹਾਂ ਤੇ ਮੀਂਹ ਦੀ ਮਾਰ: ਵੱਖ-ਵੱਖ ਥਾਈਂ ਘਰਾਂ ਦੀਆਂ ਛੱਤਾਂ ਡਿੱਗੀਆਂ
ਇਸ ਸਬ-ਡਿਵੀਜ਼ਨ ਦੇ ਪਿੰਡ ਮੌੜ ਨਾਭਾ ਵਿੱਚ ਮੀਂਹ ਕਾਰਨ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਬਜ਼ੁਰਗ ਜੋੜੇ ਦੀ ਮਲਬੇ ਹੇਠ ਦੱਬਣ ਕਰ ਕੇ ਮੌਤ ਹੋ ਗਈ ਤੇ ਉਨ੍ਹਾਂ ਦਾ ਪੋਤਰਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਕਰਨੈਲ ਸਿੰਘ (65) ਤੇ ਨਿੰਦਰ ਕੌਰ (60) ਵਜੋਂ ਹੋਈ ਹੈ। 12 ਸਾਲਾ ਮਹਿਕਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੇ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ 11 ਵਜੇ ਵਾਪਰਿਆ। ਉਸ ਦੇ ਮਾਪੇ ਅਤੇ ਬੱਚਾ ਕਮਰੇ ਵਿੱਚ ਸੁੱਤੇ ਪਏ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਇਕੱਠੇ ਹੋਏ ਲੋਕਾਂ ਨੇ ਮਲਬੇ ਹੇਠੋਂ ਕੱਢ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਦੋਵੇਂ ਬਜ਼ੁਰਗ ਦਮ ਤੋੜ ਗਏ। ਪੀੜਤ ਪਰਿਵਾਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ। ਇਸੇ ਤਰ੍ਹਾਂ ਤਪਾ ਦੇ ਪੁਰਾਣੇ ਬਾਜ਼ਾਰ ਵਿੱਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਮਕਾਨ ਦੀ ਡਾਟਾਂ ਦੀ ਬਣੀ ਹੋਈ ਛੱਤ ਡਿੱਗ ਗਈ। ਇਸ ਕਾਰਨ ਘਰ ਸਾਮਾਨ ਨੁਕਸਾਨਿਆ ਗਿਆ ਹੈ, ਉਨ੍ਹਾਂ ਮਦਦ ਦੀ ਮੰਗ ਕੀਤੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਸ ਹਲਕੇ ਦੇ ਪਿੰਡ ਸੰਗਤਪੁਰਾ ਵਿੱਚ ਸਵੇਰੇ 8 ਵਜੇ ਮਾਵਾਂ-ਧੀਆਂ ’ਤੇ ਛੱਤ ਡਿੱਗ ਗਈ ਸੀ। ਇਸ ਕਾਰਨ ਮਾਂ ਦੀ ਮੌਤ ਅਤੇ ਧੀ ਜ਼ਖ਼ਮੀ ਹੋ ਗਈ ਸੀ। ਇਸ ਤੋਂ ਇਲਾਵਾ ਲਹਿਲ ਕਲਾਂ ਦੇ ਕਰਮਚੰਦ ਦੇ ਮਕਾਨ ਵਿੱਚ ਤਰੇੜਾਂ ਆ ਗਈਆਂ ਹਨ। ਸੰਗਤਪੁਰਾ ਅਤੇ ਹੋਰਨਾਂ ਪਿੰਡਾਂ ਵਿੱਚ ਵੀ ਕਈ ਮਕਾਨਾਂ ਨੂੰ ਨੁਕਸਾਨ ਪੁੱਜਿਆ ਹੈ। ਇਸ ਤੋਂ ਇਲਾਵਾ ਹਲਕੇ ਦੇ ਕਈ ਮੁਰਗੀ ਫਾਰਮਾਂ ਦੀਆਂ ਛੱਤਾਂ ਡਿੱਗਣ ਕਾਰਨ ਵੀ ਨੁਕਸਾਨ ਹੋਇਆ ਹੈ। ਇਲਾਕੇ ਵਿੱਚ ਕਰੀਬ ਸਾਰੇ ਹੀ ਕੱਚੇ ਮਕਾਨ ਚੋਣ ਲੱਗੇ ਹਨ, ਅੱਜ ਤਾਂ ਹਾਲਾਤ ਇਹ ਹੋ ਗਏ ਕਿ ਲੈਂਟਰ ਵਾਲੇ ਮਕਾਨਾਂ ਦੀਆਂ ਛੱਤਾਂ ’ਚੋਂ ਵੀ ਪਾਣੀ ਚੋਣ ਲੱਗਿਆ ਹੈ। ਨੌਜਵਾਨ ਆਗੂ ਰਣਦੀਪ ਸਿੰਘ ਸੰਗਤਪੁਰਾ, ਬਲਜਿੰਦਰ ਸਿੰਘ ਪੰਚ ਖੰਡੇਬਾਦ, ਪਾਲ ਸਿੰਘ ਲਹਿਲ ਕਲਾਂ, ਸਾਬਕਾ ਸਰਪੰਚ ਲਹਿਲ ਖੁਰਦ ਰਾਜ ਸਿੰਘ ਆਦਿ ਨੇ ਕੇਂਦਰ ਸਰਕਾਰ ਕੋਲੋਂ ਪੰਜਾਬ ਦੀ ਮੌਜੂਦਾ ਸਥਿਤ ਨੂੰ ਕੌਮੀ ਆਫ਼ਤ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਇੱਕ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਹੈ। ਇਸ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਅੰਦਰ ਪਏ ਮੰਜੇ, ਪੱਖੇ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਤੇਜਾ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਹੀ ਕਮਰੇ ਤੋਂ ਬਾਹਰ ਆਏ ਸਨ। ਤੇਜਾ ਸਿੰਘ ਦੀਆਂ ਤਿੰਨ ਤੀਆਂ ਵਿਆਹੀਆਂ ਹੋਈਆਂ ਹਨ, ਹੁਣ ਦੋਵੇਂ ਬਜ਼ੁਰਗ ਹੀ ਘਰ ’ਚ ਰਹਿੰਦੇ ਹਨ।
ਬਠਿੰਡਾ (ਮਨੋਜ ਸ਼ਰਮਾ): ਸ਼ਹਿਰ ਦੇ ਪਰਸ ਰਾਮ ਨਗਰ ਵਿੱਚ ਅੱਜ ਦੁਪਹਿਰ ਸਮੇਂ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਅੰਦਰ ਮੌਜੂਦ ਤਿੰਨ ਲੋਕ ਮਲਬੇ ਹੇਠ ਦਬ ਗਏ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਨੇ ਲੋਕਾਂ ਦੀ ਮਦਦ ਨਾਲ ਤਿੰਨ ਜਣਿਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਮਗਰੋਂ ਮੰਜੂ ਸ਼ਰਮਾ (47) ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਬੱਚੇ ਜ਼ਖ਼ਮੀ ਹੋ ਗਏ ਹਨ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਮੀਂਹ ਕਾਰਨ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਪਿੰਡਾਂ ਠੁੱਲੀਵਾਲ, ਹਮੀਦੀ ਅਤੇ ਪੰਡੋਰੀ ਵਿੱਚ ਕਈ ਘਰ ਡਿੱਗ ਗਏ। ਠੁੱਲੀਵਾਲ ਵਿੱਚ ਪੰਜ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਜਦੋਂਕਿ ਦਸ ਹੋਰ ਮਕਾਨਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ। ਸਮਾਜ ਸੇਵੀ ਹਰਤੇਜ ਸਿੱਧੂ ਨੇ ਦੱਸਿਆ ਕਿ ਬਹਾਦਰ ਸਿੰਘ, ਸਤਵਿੰਦਰ ਸਿੰਘ, ਪਾਲ ਕੌਰ, ਹਰਜਿੰਦਰ ਅਤੇ ਜਰਨੈਲ ਸਿੰਘ ਦੇ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਘਰੇਲੂ ਸਾਮਾਨ ਖ਼ਰਾਬ ਹੋ ਗਿਆ ਹੈ। ਇਸੇ ਤਰ੍ਹਾਂ ਪਿੰਡ ਹਮੀਦੀ ਵਿੱਚ ਮਲਕੀਤ ਸਿੰਘ, ਬੂਟਾ ਸਿੰਘ, ਬੱਗਾ ਸਿੰਘ, ਸੱਜਣ ਸਿੰਘ ਅਤੇ ਗੁਰਮੀਤ ਸਿੰਘ ਦੇ ਘਰ ਡਿੱਗਣ ਕਿਨਾਰੇ ਹਨ ਤੇ ਪਿੰਡ ਪੰਡੋਰੀ ਵਿੱਚ ਵੀ ਮਜ਼ਦੂਰ ਮਨਦੀਪ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਹੈ।
ਰਾਏਕੋਟ/ਗੁਰੂਸਰ ਸੁਧਾਰ (ਸੰਤੋਖ ਗਿੱਲ): ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਰਾਏਕੋਟ ਦੇ ਅਗਰਵਾਲ ਮੁਹੱਲੇ ਵਿੱਚ ਮੌਜੂਦ ਪੁਰਾਣੀ ਦੋ ਮੰਜ਼ਿਲਾ ਹਵੇਲੀ ਦਾ ਹਿੱਸਾ ਡਿੱਗ ਗਿਆ ਹੈ। ਦੂਜੇ ਕਮਰੇ ’ਚ ਸੁੱਤੇ ਹੋਣ ਕਾਰਨ ਰਾਕੇਸ਼ ਗਰਗ (65) ਅਤੇ ਸੁਦੇਸ਼ ਗਰਗ ਦਾ ਬਚਾਅ ਹੋ ਗਿਆ। ਬਾਜ਼ਾਰ ’ਚ ਵੀ ਮਕਾਨ ਦਾ ਚੁਬਾਰਾ ਅਤੇ ਦੁਕਾਨ ਦੇ ਡਿੱਗ ਗਈ ਹੈ ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸੇ ਦੌਰਾਨ ਪਿੰਡ ਸਹਿਬਾਜਪੁਰਾ, ਬੋਪਾਰਾਏ ਖ਼ੁਰਦ ਸਣੇ ਹੋਰ ਪਿੰਡਾਂ ਵਿੱਚ ਘਰਾਂ ਦੇ ਨੁਕਸਾਨ ਦੀਆਂ ਖ਼ਬਰਾਂ ਹਨ। ਪਿੰਡ ਤਲਵੰਡੀ ਰਾਏ ਅਤੇ ਨੂਰਪੁਰਾ ਆਦਿ ’ਚ ਛੱਪੜ ਓਵਰਫਲੋਅ ਹੋ ਗਏ ਹਨ। ਐੱਸ ਡੀ ਐੱਮ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਹਨ। ਇਸੇ ਤਰ੍ਹਾਂ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਸਥਿਤ ਸੁਧਾਰ ਬਾਜ਼ਾਰ ਦੇ ਕੁਝ ਨੀਵੇਂ ਘਰਾਂ ਵਿੱਚ ਪਾਣੀ ਦਾਖ਼ਲ ਹੋਣ ਤੋਂ ਇਲਾਵਾ ਸ਼ਹਿਰ ਦੀਆਂ ਪੁਰਾਣੀਆਂ ਦੁਕਾਨਾਂ ਦੀਆਂ ਛੱਤਾਂ ਡਿੱਗਣ ਦਾ ਡਰ ਖੜ੍ਹਾ ਹੋ ਗਿਆ ਹੈ।
ਛੱਤ ਡਿੱਗਣ ਕਾਰਨ ਪਸ਼ੂਆਂ ਦੀ ਮੌਤ ਤੇ ਦੋ ਜ਼ਖ਼ਮੀ
ਫਿਲੌਰ (ਸਰਬਜੀਤ ਗਿੱਲ): ਇਲਾਕੇ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਰਾਏਪੁਰ ਅਰਾਈਆਂ ਦੇ ਪੀਰ ਦੱਤ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਦੋ ਬੱਕਰੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗਊ ਅਤੇ ਇੱਕ ਕੱਟੜੂ ਗੰਭੀਰ ਜ਼ਖ਼ਮੀ ਹੋ ਗਏ। ਉਸ ਨੇ ਦੱਸਿਆ ਕਿ ਉਹ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ। ਉਸ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਮੁਹੱਲਾ ਕਾਜ਼ੀਆਂ ’ਚ ਦਰਬਾਰ ਹਜ਼ਰਤ ਬਾਬਾ ਸ਼ੇਖ ਮਦਨ ਵਣ ਪੀਰ ਦੀ ਕੰਧ ਢਹਿ ਗਈ। ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਰਸੋਈ ਵਾਲਾ ਸਾਮਾਨ ਨੁਕਸਾਨਿਆ ਗਿਆ ਹੈ। ਪਿੰਡ ਛੋਕਰਾਂ ਵਿੱਚ ਵੀ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ। ਹਰਜਿੰਦਰ ਕੁਮਾਰ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਅੰਦਰ ਪਿਆ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ।
ਮਾਲੇਰਕੋਟਲਾ ਦੇ ਸ਼ੀਸ਼ ਮਹਿਲ ਦਾ ਸ਼ਾਹੀ ਮੀਨਾਰ ਡਿੱਗਿਆ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਇੱਥੇ ਅੱਜ ਮੀਂਹ ਦੌਰਾਨ ਡਿੱਗੀ ਅਸਮਾਨੀ ਬਿਜਲੀ ਕਾਰਨ ਮਾਲੇਰਕੋਟਲਾ ਰਿਆਸਤ ਨਾਲ ਸਬੰਧਤ ਸ਼ੀਸ਼ ਮਹਿਲ ਦਾ ਇੱਕ ਮੀਨਾਰ ਢਹਿ ਗਿਆ। ਇਹ ਸ਼ੀਸ਼ ਮਹਿਲ ਰਿਆਸਤ ਦੇ ਆਖ਼ਰੀ ਨਵਾਬ ਇਫ਼ਤਖਾਰ ਅਲੀ ਖ਼ਾਨ ਦੀ ਸਭ ਤੋਂ ਛੋਟੀ ਬੇਗ਼ਮ ਸਾਜ਼ਿਦਾ ਬੇਗ਼ਮ ਦੇ 30 ਜੁਲਾਈ 2006 ਨੂੰ ਦੇਹਾਂਤ ਤੋਂ ਬਾਅਦ ਨਵਾਬੀ ਸ਼ਾਨੋ ਸ਼ੌਕਤ ਤੇ ਵਜੂਦ ਗੁਆ ਚੁੱਕਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਢਾਈ ਕੁ ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ੀਸ਼ ਮਹਿਲ ਦਾ ਇੱਕ ਮੀਨਾਰ ਢਹਿ-ਢੇਰੀ ਹੋ ਗਿਆ ਹੈ।