DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਪੀੜਤਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ: ਜਥੇਦਾਰ ਗੜਗੱਜ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਵਾਰ-ਵਾਰ ਆਉਂਦੇ ਹੜ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ
  • fb
  • twitter
  • whatsapp
  • whatsapp
Advertisement
ਪੰਜਾਬ ਵਿੱਚ ਮੌਜੂਦਾ ਹੜ੍ਹਾਂ ਦੀ ਸਥਿਤੀ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਪੰਜਾਬੀਆਂ ਨੂੰ ਇਸ ਔਖੀ ਘੜੀ ਵਿੱਚ ਇੱਕ-ਦੂਜੇ ਦਾ ਸਹਾਰਾ ਬਣਨ ਅਤੇ ਮੁਸੀਬਤ ਵਿੱਚ ਫਸੇ ਹਰ ਪੰਜਾਬੀ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਾਰ-ਵਾਰ ਇਹ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਅਸਲ ਕਾਰਨ ਵੀ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਸਕਣ।

ਇਸ ਸਬੰਧੀ ਜਾਰੀ ਇੱਕ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਵਾਰ-ਵਾਰ ਹੜ੍ਹ ਕਿਉਂ ਆ ਰਹੇ ਹਨ, ਇਸ ਨਾਲ ਪੰਜਾਬੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ਵੀ ਪੰਜਾਬ ’ਚ ਅਜਿਹੇ ਹੜ੍ਹ ਆਏ ਸਨ ਪਰ ਹੁਣ ਦੋ ਸਾਲ ਬਾਅਦ ਮੁੜ ਹੜ੍ਹ ਆਏ ਹਨ ਅਤੇ ਇਸ ਵਾਰ ਪੰਜਾਬੀਆਂ ਦਾ ਵਧੇਰੇ ਨੁਕਸਾਨ ਹੋਇਆ ਹੈ।

Advertisement

ਇਸ ਔਖੀ ਘੜੀ ਸਮੇਂ ਉਨ੍ਹਾਂ ਸਮੂਹ ਪੰਜਾਬੀਆਂ ਅਤੇ ਜਥੇਬੰਦੀਆਂ ਨੂੰ ਆਖਿਆ ਕਿ ਉਹ ਪਾਣੀ ’ਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ।

ਉਨ੍ਹਾਂ ਪ੍ਰੇਰਨਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਔਖੀਆਂ ਘੜੀਆਂ ਆਈਆਂ ਹਨ ਅਤੇ ਲੰਘ ਗਈਆਂ ਹਨ ਅਤੇ ਹੁਣ ਵੀ ਗੁਰੂ ਦੀ ਕਿਰਪਾ ਸਦਕਾ ਇਹ ਔਖੀ ਘੜੀ ਲੰਘ ਜਾਵੇਗੀ। ਇਸ ਵੇਲੇ ਆਪਸੀ ਭਾਈਚਾਰਕ ਸਾਂਝ, ਮੁਹੱਬਤ ਅਤੇ ਇੱਕਜੁੱਟਤਾ ਨੂੰ ਬਣਾਏ ਰੱਖਣ ਦੀ ਲੋੜ ਹੈ। ਇਸੇ ਇੱਕਜੁੱਟਤਾ ਦੀ ਭਾਵਨਾ ਨਾਲ ਇੱਕ-ਦੂਜੇ ਦੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਇਸ ਕੁਦਰਤੀ ਆਫਤ ਵਾਲੇ ਸਮੇਂ ਤੋਂ ਉਭਰਿਆ ਜਾ ਸਕੇ।

ਉਨ੍ਹਾਂ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

Advertisement
×