ਹੜ੍ਹਾਂ ਦਾ ਖ਼ਤਰਾ: ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਣਾ ਜਾਰੀ
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਵਿੱਚ ਹੜ੍ਹਾਂ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਪੌਂਡ ਡੈਮ ਵਿੱਚੋਂ ਬਿਆਸ ਦਰਿਆ ਵਿੱਚ ਪਾਣੀ ਛੱਡਣ ਦੇ ਬਾਵਜੂਦ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਹਾਲਾਂਕਿ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਦੀ ਰਫ਼ਤਾਰ ਹੌਲੀ ਹੈ, ਪਰ ਬਿਆਸ ਦਰਿਆ ਵਿੱਚ ਪਾਣੀ ਛੱਡਣ ਕਰਕੇ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਦੇ ਸਾਹ ਸੁੱਕੇ ਪਏ ਹਨ। ਕਈ ਇਲਾਕਿਆਂ ਵਿੱਚ ਲੋਕਾਂ ਵੱਲੋਂ ਆਪਣੇ ਘਰਾਂ ਦਾ ਸਾਜ਼ੋ-ਸਾਮਾਨ ਤੱਕ ਸਾਂਭ ਲਿਆ ਗਿਆ ਹੈ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਨੁਕਸਾਨ ਤੋਂ ਬਚਿਆ ਜਾ ਸਕੇ। ਜਾਣਕਾਰੀ ਅਨੁਸਾਰ ਅੱਜ ਪੌਂਗ ਡੈਮ ਵਿੱਚ ਸ਼ਾਮ ਸਮੇਂ ਪਾਣੀ ਦਾ ਪੱਧਰ 1376.36 ਫੁੱਟ ਦਰਜ ਕੀਤਾ ਗਿਆ ਜਦਕਿ ਖ਼ਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1644.44 ਫੁੱਟ ’ਤੇ ਹੈ, ਜਦੋਂਕਿ ਖ਼ਤਰੇ ਦਾ ਨਿਸ਼ਾਨ 1680 ਫੁੱਟ ’ਤੇ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 517.4 ਮੀਟਰ ’ਤੇ ਹੈ ਜਿੱਥੇ ਖ਼ਤਰੇ ਦਾ ਨਿਸ਼ਾਨ 527 ਮੀਟਰ ’ਤੇ ਹੈ। ਇਸ ਤੋਂ ਇਲਾਵਾ ਸ਼ਾਹਪੁਰ ਕੰਡੀ ਡੈੱਮ ਵਿੱਚ ਪਾਣੀ ਦਾ ਪੱਧਰ 399 ਮੀਟਰ ’ਤੇ ਹੈ ਜਦੋਂਕਿ ਖਤਰੇ ਦਾ ਨਿਸ਼ਾਨ 405 ਮੀਟਰ ’ਤੇ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਫਲੱਡ ਕੰਟਰੋਲ ਰੂਮ ਬਣਾ ਕੇ ਹਰ ਸਮੇਂ ਚੌਕਸੀ ਰੱਖੀ ਜਾ ਰਹੀ ਹੈ।
ਸੰਤ ਸੀਚੇਵਾਲ ਵੱਲੋਂ ਮੰਡ ਇਲਾਕੇ ਦਾ ਦੌਰਾ
ਕਪੂਰਥਲਾ (ਜਸਬੀਰ ਸਿੰਘ ਚਾਨਾ): ਬਿਆਸ ਦਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਦੇਖਦਿਆਂ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੰਡ ਇਲਾਕੇ ਦਾ ਦੌਰਾ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹਰ ਸਮੇਂ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਡਰੇਨੇਜ਼ ਵਿਭਾਗ ਨੂੰ 20 ਹਜ਼ਾਰ ਮਿੱਟੀ ਦੀਆਂ ਬੋਰੀਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਹਰ ਸਮੇਂ ਮੁਸਤੈਦ ਰਹਿਣ ਲਈ ਕਿਹਾ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਤਾਲਮੇਲ ਬਣਾਕੇ ਰੱਖਣ ਲਈ ਕਿਹਾ ਅਤੇ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਅੱਜ ਮੀਂਹ ਪੈਣ ਦੀ ਪੇਸ਼ੀਨਗੋਈ
ਪੰਜਾਬ ਵਿੱਚ ਪਹਾੜੀ ਇਲਾਕੇ ਵਿੱਚ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਪੈ ਰਹੇ ਮੀਂਹ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅੱਜ ਰੱਖੜੀ ਵਾਲੇ ਦਿਨ ਪੰਜਾਬ ਦੇ ਸੰਗਰੂਰ, ਮਾਲੇਰਕੋਟਲਾ, ਭਵਾਨੀਗੜ੍ਹ, ਰੋਪੜ, ਹੁਸ਼ਿਆਰਪੁਰ, ਪਟਿਆਲਾ ਅਤੇ ਲੁਧਿਆਣਾ ਸਣੇ ਹੋਰਨਾਂ ਕਈ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਤੇਜ਼ ਅਤੇ ਕਈ ਥਾਵਾਂ ’ਤੇ ਮੱਧਮ ਰਫ਼ਤਾਰ ਵਿੱਚ ਮੀਂਹ ਪਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਭਲਕੇ 10 ਅਗਸਤ ਨੂੰ ਵੀ ਕਈ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।