ਪਹਾੜਾਂ ’ਤੇ ਮੀਂਹ ਕਾਰਨ ਪੰਜਾਬ ’ਚ ਹੜ੍ਹਾਂ ਦਾ ਖ਼ਤਰਾ
ਚਰਨਜੀਤ ਭੁੱਲਰ
ਪਹਾੜਾਂ ’ਚ ਤੇਜ਼ ਮੀਂਹ ਮਗਰੋਂ ਪੰਜਾਬ ’ਚ ਹੜ੍ਹਾਂ ਦਾ ਖ਼ਤਰਾ ਵਧਣ ਲੱਗਿਆ ਹੈ। ਭਲਕੇ ਪੌਂਗ ਡੈਮ ਦੇ ਗੇਟ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇਸ ਵੇਲੇ ਪੌਂਗ ਡੈਮ ਤੋਂ 18 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਲਕੇ 22 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੁੱਖ ਗੇਟ ਖੋਲ੍ਹੇ ਜਾਣ ਬਾਰੇ ਜਾਣੂ ਵੀ ਕਰਾ ਦਿੱਤਾ ਹੈ। ਪਹਾੜਾਂ ’ਚੋਂ ਪੌਂਗ ਡੈਮ ਵਿੱਚ ਕਈ ਦਿਨਾਂ ਤੋਂ ਰੋਜ਼ਾਨਾ 70 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ, ਜੋ ਵਧ ਕੇ ਇੱਕ ਲੱਖ ਕਿਊਸਿਕ ਵੀ ਹੋਇਆ ਹੈ। ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਦੇ ਫ਼ਾਜ਼ਿਲਕਾ, ਤਰਨ ਤਾਰਨ ਅਤੇ ਮੋਗਾ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਮੁੱਚੇ ਪੰਜਾਬ ਵਿੱਚ ਕਰੀਬ 50 ਹਜ਼ਾਰ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ, ਜਦੋਂ ਕਿ ਸਰਕਾਰੀ ਅੰਕੜਾ 34,552 ਏਕੜ ਫ਼ਸਲ ਦੇ ਪ੍ਰਭਾਵਿਤ ਹੋਣ ਦੀ ਗੱਲ ਕਰ ਰਿਹਾ ਹੈ। ਬਿਆਸ ਦਰਿਆ ਵਿੱਚ ਪਾਣੀ ਵਧਣ ਕਾਰਨ ਤਰਨ ਤਾਰਨ ਦਾ ਇਲਾਕਾ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ, ਜਿੱਥੇ 15 ਹਜ਼ਾਰ ਏਕੜ ਦੇ ਕਰੀਬ ਫ਼ਸਲ ਪ੍ਰਭਾਵਿਤ ਹੋਈ ਹੈ। ਸਰਕਾਰੀ ਅੰਕੜੇ ਅਨੁਸਾਰ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 28,952 ਏਕੜ ਪਾਣੀ ਦੀ ਮਾਰ ਹੇਠ ਆਈ ਹੈ, ਜਿਸ ਵਿੱਚ ਸਭ ਤੋਂ ਵੱਧ ਝੋਨੇ ਦੀ 20,444 ਏਕੜ ਫ਼ਸਲ ਹੈ। 7,365 ਏਕੜ ਨਰਮਾ ਵੀ ਪਾਣੀ ਤੋਂ ਪ੍ਰਭਾਵਿਤ ਹੋਇਆ ਹੈ। ਸਰਕਾਰੀ ਰਿਪੋਰਟ ’ਚ 5600 ਏਕੜ ਫ਼ਸਲ ਜ਼ਿਲ੍ਹਾ ਮੋਗਾ ਵਿੱਚ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੂੰ ਇਸ ਫ਼ਸਲ ਦੀ ਮੁੜ ਬਿਜਾਈ ਕਰਨੀ ਪਵੇਗੀ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਚਾਰ ਦਿਨਾਂ ਤੋਂ ਹਾਲਾਤ ਬਦਤਰ ਬਣੇ ਹੋਏ ਹਨ। ਫ਼ਾਜ਼ਿਲਕਾ ਸਬ-ਡਿਵੀਜ਼ਨ ਸਭ ਤੋਂ ਵੱਧ ਹੜ੍ਹ ਦੀ ਮਾਰ ਝੱਲ ਰਹੀ ਹੈ। ਜ਼ਿਲ੍ਹਾ ਫ਼ਾਜ਼ਿਲਕਾ ਇੱਕ ਮੱਛੀ ਫਾਰਮ ਵੀ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਦੀ ਨਰਾਜ਼ਗੀ ਹੈ ਕਿ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹੈ, ਜਿਸ ਕਰਕੇ ਉਹ ਖ਼ੁਦ ਹੀ ਮੈਦਾਨ ਵਿੱਚ ਕੁੱਦੇ ਹੋਏ ਹਨ।
ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪਾਣੀ ਦਾ ਪੱਧਰ ਹੁਣ ਘਟਣ ਲੱਗਿਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਦੇ ਕਿਸਾਨ ਵੀ ਫ਼ਿਕਰਮੰਦ ਹਨ। ਫ਼ਿਰੋਜ਼ਪੁਰ ਦੇ ਕਿਸਾਨ ਆਖਦੇ ਹਨ ਕਿ ਹੁਸੈਨੀਵਾਲਾ ਬੈਰਾਜ ਦੇ ਗੇਟ ਤੁਰੰਤ ਖੋਲ੍ਹੇ ਜਾਣ ਤਾਂ ਜੋ ਸਤਲੁਜ ਦਾ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਸਕੇ। ਕਿਸਾਨਾਂ ਨੂੰ ਡਰ ਹੈ ਕਿ ਇਹ ਪਾਣੀ ਉਨ੍ਹਾਂ ਦੀਆਂ ਫ਼ਸਲਾਂ ’ਤੇ ਮਾਰ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਦਿੱਲੀ ਵਿੱਚ ਹੜ੍ਹਾਂ ਦੇ ਸੰਭਾਵੀ ਖ਼ਤਰੇ ’ਤੇ ਫ਼ਿਕਰ ਜ਼ਾਹਿਰ ਕੀਤੇ ਹਨ।
ਮੰਡ ਖੇਤਰ ਦੇ 25 ਪਿੰਡਾਂ ਦੀ ਫ਼ਸਲ ਪਾਣੀ ਦੀ ਮਾਰ ਹੇਠ
ਤਰਨ ਤਾਰਨ (ਗੁਰਬਖਸ਼ਪੁਰੀ): ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਇਲਾਕੇ ਦੇ 25 ਪਿੰਡਾਂ ਦੇ ਕਿਸਾਨਾਂ ਦੀ ਮੰਡ ਖੇਤਰ ਵਿੱਚ ਬੀਜੀ ਫਸਲ ਦੇ ਬਚਣ ਦੀਆਂ ਸੰਭਾਵਨਾਵਾਂ ਮੱਧਮ ਪੈ ਰਹੀਆਂ ਹਨ। ਸਿੰਜਾਈ ਵਿਭਾਗ ਦੇ ਐੱਸਡੀਓ ਨਵਨੀਤ ਸਿੰਘ ਨੇ ਦੱਸਿਆ ਕਿ ਅੱਜ ਦਰਿਆ ’ਚ ਪਾਣੀ ਦਾ ਪੱਧਰ 21,000 ਕਿਊਸਿਕ ਸੀ। ਅਧਿਕਾਰੀ ਨੇ ਕਿਹਾ ਕਿ ਦਰਿਆ ਵਿੱਚ 50,000 ਕਿਊਸਿਕ ਪਾਣੀ ਤੱਕ ਕਿਸੇ ਕਿਸਮ ਦਾ ਖਤਰਾ ਨਹੀਂ ਬਣਦਾ। ਮੰਡ ਖੇਤਰ ਦੇ ਵੈਰੋਵਾਲ, ਬੋਦਲ ਕੀੜੀ, ਕੀੜੀ ਸ਼ਾਹੀ, ਹੰਸਾਵਾਲਾ, ਗੋਇੰਦਵਾਲ ਸਾਹਿਬ, ਧੁੰਦਾ, ਜੌਹਲ ਢਾਏ ਵਾਲਾ, ਭੈਲ ਢਾਏ ਵਾਲਾ, ਮੁੰਡਾ ਪਿੰਡ, ਘੜਕਾ, ਕਰਮੂੰਵਾਲਾ, ਗੁੱਜਰਵਾਲਾ, ਹਰੀਕੇ 25 ਪਿੰਡਾਂ ਦੀ ਮੰਡ ਖੇਤਰ ਦੀ ਸਾਰੀ ਦੀ ਸਾਰੀ ਫ਼ਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਪਿੰਡ ਧੁੰਦਾ ਦੇ ਕਿਸਾਨ ਬਲਦੇਵ ਸਿੰਘ, ਮੁੰਡਾ ਪਿੰਡ ਦੇ ਕਿਸਾਨ ਦਾਰਾ ਸਿੰਘ ਸਣੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਆਉਂਦੇ ਕਈ ਦਿਨਾਂ ਤੱਕ ਦਰਿਆ ਵਿੱਚ ਪਾਣੀ ਦੇ ਘਟਣ ਦੀਆਂ ਸੰਭਾਨਾਵਾਂ ਦਿਖਾਈ ਨਹੀਂ ਦੇ ਰਹੀਆਂ, ਜਿਸ ਕਰਕੇ ਸੈਂਕੜੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਨਸ਼ਟ ਹੋਣ ਵੱਲ ਨੂੰ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਅੱਜ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਰਕਾਰ ਦਾ ਕੋਈ ਨਮਾਇੰਦਾ ਉਨ੍ਹਾਂ ਸਾਰ ਲੈਣ ਲਈ ਨਹੀਂ ਆਇਆ। ਸੀਪੀਆਈ ਦੇ ਕੌਮੀ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾ ਆਗੂ ਰੁਪਿੰਦਰ ਕੌਰ ਸੰਧੂ ਨੇ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਵੀ ਕੀਤਾ। ਪ੍ਰਭਾਵਿਤ ਕਿਸਾਨਾਂ ਨੇ ਧੁੰਦਾ ਪਿੰਡ ਵਿੱਚ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ।
ਬੀਬੀਐੱਮਬੀ ਵੱਲੋਂ ਫਲੱਡ ਗੇਟ ਖੋਲ੍ਹਣ ਬਾਰੇ ਐਡਵਾਈਜ਼ਰੀ ਜਾਰੀ
ਤਲਵਾੜਾ(ਦੀਪਕ ਠਾਕੁਰ): ਸਥਾਨਕ ਪੌਂਗ ਡੈਮ ਦੇ ਫਲੱਡ ਗੇਟ ਭਲਕੇ ਬੁੱਧਵਾਰ ਸ਼ਾਮ ਪੰਜ ਵਜੇ ਖੋਲ੍ਹੇ ਜਾਣਗੇ। ਬੀਬੀਐੱਮਬੀ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੌਂਗ ਡੈਮ ਦੇ ਕੈਚਮੈਂਟ ਏਰੀਏ ’ਚ ਲਗਾਤਾਰ ਮੀਂਹ ਪੈ ਰਿਹਾ ਹੈ। ਅੱਜ ਸ਼ਾਮ ਪੌਂਗ ਡੈਮ ਦੀ ਝੀਲ ’ਚ ਪਾਣੀ ਦੀ ਆਮਦ 99,191 ਕਿਊਸਿਕ ਹੈ ਅਤੇ ਡੈਮ ’ਚ ਪਾਣੀ ਦਾ ਪੱਧਰ 1369.44 ਫੁੱਟ ਮਾਪਿਆ ਗਿਆ ਹੈ। ਪਾਵਰ ਹਾਊਸ ਰਾਹੀਂ 18,325 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਭਲਕ ਸ਼ਾਮ ਪੰਜ ਵਜੇ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਫਲੱਡ ਗੇਟਾਂ ਰਾਹੀਂ ਚਾਰ ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ।