ਪਰਾਲੀ ’ਤੇ ‘ਪਰਲੋ’: ਭਾਜਪਾ ਤੇ ‘ਆਪ’ ਆਗੂ ਆਪਸ ’ਚ ਖਹਿਬੜੇ
ਉੱਤਰ ਪ੍ਰਦੇਸ਼ ’ਚ ਅੱਗ ਦੇ ਕੇਸ ਵੱਧ; ਪੰਜਾਬ ’ਚ ਪਰਾਲੀ ਫੂਕਣ ਦੇ ਮਾਮਲਿਆਂ ’ਚ 75 ਫ਼ੀਸਦੀ ਕਮੀ
ਪਰਾਲੀ ਪ੍ਰਦੂਸ਼ਣ ਦੇ ਮਾਮਲੇ ’ਤੇ ਹੁਣ ਸਿਆਸਤ ’ਚ ‘ਪਰਲੋ’ ਆ ਗਈ ਹੈ। ਦਿੱਲੀ ਦੀ ਭਾਜਪਾ ਸਰਕਾਰ ਸਿੱਧੇ ਤੌਰ ’ਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ, ਜਦੋਂਕਿ ਸੂਬਾ ਸਰਕਾਰ ਨੇ ਭਾਜਪਾ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਤਾਜ਼ਾ ਤੱਥ ਹਨ ਕਿ 15 ਸਤੰਬਰ ਤੋਂ 21 ਅਕਤੂਬਰ ਤੱਕ ਪੰਜਾਬ ’ਚ 415 ਕੇਸ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ। ਦੂਜੇ ਪਾਸੇ, ਉੱਤਰੀ ਭਾਰਤ ’ਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਐਤਕੀਂ ਕੇਸਾਂ ਦੇ ਅੰਕੜੇ ’ਚ ਅੱਗੇ ਹੈ। ਉੱਥੇ ਹੁਣ ਤੱਕ 660 ਕੇਸ ਆ ਚੁੱਕੇ ਹਨ।
ਜਿਉਂ ਹੀ ਇਨ੍ਹਾਂ ਦਿਨਾਂ ’ਚ ਦਿੱਲੀ ’ਚ ਪ੍ਰਦੂਸ਼ਣ ਸਿਖ਼ਰ ’ਤੇ ਹੁੰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ’ਤੇ ਉਂਗਲ ਉੱਠਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਪੰਜਾਬ ’ਚ ਹੁਣ ਤੱਕ ਪਰਾਲੀ ਨੂੰ ਅੱਗ ਦੇ ਕੇਸ 75 ਫ਼ੀਸਦੀ ਤੱਕ ਘਟੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਪਰਾਲੀ ਪ੍ਰਦੂਸ਼ਣ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹੁਣ ਤੱਕ ਰਾਜਸਥਾਨ ’ਚ 253, ਮੱਧ ਪ੍ਰਦੇਸ਼ ’ਚ 343 ਅਤੇ ਹਰਿਆਣਾ ’ਚ 55 ਕੇਸ ਪਰਾਲੀ ਸਾੜਨ ਦੇ ਦਰਜ ਕੀਤੇ ਗਏ ਹਨ। ਪੰਜਾਬ ’ਚ ਅੱਜ ਇੱਕੋ ਦਿਨ ’ਚ 62 ਕੇਸ ਦਰਜ ਹੋਏ ਹਨ ਜਦੋਂਕਿ ਉੱਤਰ ਪ੍ਰਦੇਸ਼ ’ਚ ਇੱਕ ਦਿਨ ’ਚ 103 ਨਵੇਂ ਆਏ ਹਨ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਪਰਾਲੀ ਪ੍ਰਦੂਸ਼ਣ ਦੇ ਮਾਮਲੇ ’ਤੇ ਉਹ ਵੀਰਵਾਰ ਨੂੰ ਪੰਜਾਬ ਦੇ ਮੰਤਰੀ ਨੂੰ ਮਿਲ ਕੇ ਚਰਚਾ ਕਰਨਗੇ।
ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਨੇ ਵੀ ਅੱਜ ਸਿੱਧੇ ਤੌਰ ’ਤੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ’ਚ ਪਰਾਲੀ ਫੂਕਣ ਨੂੰ ਜ਼ਿੰਮੇਵਾਰ ਦੱਸਿਆ ਹੈ। ਦੂਜੇ ਪਾਸੇ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੋੜਵਾਂ ਹੱਲਾ ਬੋਲਦਿਆਂ ਕਿਹਾ ਕਿ ਭਾਜਪਾ ਨੇਤਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਨਾ ਕਹਿਣ। ਉਨ੍ਹਾਂ ਸੁਆਲ ਕੀਤਾ ਕਿ ਜੇ ਪੰਜਾਬ ਦਾ ਧੂੰਆਂ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ’ਚ ਪ੍ਰਦੂਸ਼ਣ ਨਹੀਂ ਕਰਦਾ ਤਾਂ ਇਹ ਦਿੱਲੀ ਨੂੰ ਕਿਵੇਂ ਪ੍ਰਦੂਸ਼ਿਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਉਸ ਨੂੰ ਨੈਸ਼ਨਲ ਐਮਰਜੈਂਸੀ ਐਲਾਨਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਿੱਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੌਮੀ ਐਕਸ਼ਨ ਪਲਾਨ ਤਿਆਰ ਕਰਨ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਅੱਜ ਅੰਕੜੇ ਪੇਸ਼ ਕੀਤੇ ਕਿ ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ 75 ਫ਼ੀਸਦੀ ਦੀ ਕਮੀ ਆਈ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਕਿਹਾ ਹੈ ਕਿ ਭਾਜਪਾ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕਰਨ।
165 ਕਿਸਾਨਾਂ ਦੇ ਰਿਕਾਰਡ ’ਚ ਰੈੱਡ ਐਂਟਰੀ
ਪਰਾਲੀ ਪ੍ਰਦੂਸ਼ਣ ਰੋਕਣ ਲਈ ਹੁਣ ਤੱਕ 172 ਮਾਮਿਲਆਂ ’ਚ ਪੁਲੀਸ ਕੇਸ ਦਰਜ ਕੀਤੇ ਗਏ ਹਨ, ਜਦੋਂਕਿ 189 ਮਾਮਲਿਆਂ ’ਚ ਜੁਰਮਾਨੇ ਕੀਤੇ ਹਨ। ਸੂਬੇ ਦੇ 165 ਕਿਸਾਨਾਂ ਦੇ ਮਾਲ ਰਿਕਾਰਡ ’ਚ ਰੈੱਡ ਐਂਟਰੀ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ‘ਪਰਾਲੀ ਪ੍ਰੋਟੈਕਸ਼ਨ ਫੋਰਸ’ ਵੀ ਕਾਇਮ ਕੀਤੀ ਹੈ। ਕੁਝ ਦਿਨਾਂ ਵਿੱਚ ਡਿਪਟੀ ਕਮਿਸ਼ਨਰਾਂ/ ਐੱਸ ਐੱਸ ਪੀਜ਼ ਦੁਆਰਾ 251 ਸਾਂਝੇ ਦੌਰੇ ਕੀਤੇ ਗਏ।
ਪੰਜਾਬ ਨੂੰ ਤਬਾਹ ਕਰੇਗੀ ‘ਆਪ’: ਸਿਰਸਾ
ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ੁਦ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਦੇ ਰਹੇ ਹਨ ਪਰ ਹੁਣ ਪੰਜਾਬ ਦੇ ‘ਆਪ’ ਆਗੂ ਆਪਣੇ ਹੀ ਸੁਪਰੀਮੋ ਦੀ ਕਹੀ ਗੱਲ ਤੋਂ ਕਿਨਾਰਾ ਕਰ ਰਹੇ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਹਾਰੇ ਹੋਏ ‘ਆਪ’ ਆਗੂਆਂ ਨੇ ਪਹਿਲਾਂ ਦਿੱਲੀ ਨੂੰ ਬਿਮਾਰ ਕੀਤਾ ਤੇ ਹੁਣ ਪੰਜਾਬ ਨੂੰ ਬਿਮਾਰ ਕਰ ਰਹੇ ਹਨ। ‘ਆਪ’ ਪੰਜਾਬ ਦੇ ਪ੍ਰਦੂਸ਼ਣ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।