ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਅ ਹਲਾਕ
ਗੁਰਬਖਸ਼ਪੁਰੀ
ਤਰਨ ਤਾਰਨ, 1 ਮਾਰਚ
ਇਥੋਂ ਨੇੜਲੇ ਪਿੰਡ ਪੰਡੋਰੀ ਗੋਲਾ ’ਚ ਬੀਤੀ ਰਾਤ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਸਾਰਾ ਪਰਿਵਾਰ ਇਕ ਕਮਰੇ ਵਿੱਚ ਸੌਂ ਰਿਹਾ ਸੀ| ਮੀਂਹ ਕਾਰਨ ਅੱਧੀ ਰਾਤ ਸਮੇਂ ਅਚਾਨਕ ਮਕਾਨ ਦੀ ਛੱਤ ਡਿੱਗਣ ਕਾਰਨ ਉਹ ਮਲਬੇ ਹੇਠ ਦਬ ਗਏ| ਮ੍ਰਿਤਕਾਂ ਦੀ ਪਛਾਣ ਗੁਰਿੰਦਰ ਸਿੰਘ ਗੋਵਿੰਦਾ (45), ਉਸ ਦੀ ਪਤਨੀ ਅਮਰਜੀਤ ਕੌਰ (43), ਲੜਕੀ ਰਾਜਬੀਰ ਕੌਰ ਏਕਮ (15), ਲੜਕੇ ਗੁਰਲਾਲ ਸਿੰਘ (16) ਅਤੇ ਗੁਰਬਾਜ਼ ਸਿੰਘ (12) ਵਜੋਂ ਹੋਈ ਹੈ।
ਗੁਰਿੰਦਰ ਸਿੰਘ ਦੇ ਵੱਡੇ ਭਰਾ ਕੰਵਲਜੀਤ ਸਿੰਘ ਨੇ ਦੱਸਿਆ ਸਵੇਰੇ ਦੇਰ ਤੱਕ ਪਰਿਵਾਰ ਦੇ ਕਿਸੇ ਵੀ ਜੀਅ ਵੱਲੋਂ ਹਿਲਜੁਲ ਨਾ ਕਰਨ ’ਤੇ ਆਸ-ਪਾਸ ਦੇ ਲੋਕਾਂ ਨੇ ਕੰਧ ਟੱਪ ਜਿਵੇਂ ਹੀ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਹੋਈ ਸੀ। ਪਰਿਵਾਰ ਦੇ ਸਾਰੇ ਜੀਅ ਮਲਬੇ ਹੇਠਾਂ ਦੱਬੇ ਹੋਏ ਸਨ| ਆਸ-ਪਾਸ ਦੇ ਲੋਕ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਮਜ਼ਦੂਰ ਸੀ। ਉਸ ਦਾ ਬਾਕੀ ਪਰਿਵਾਰ ਮਕਾਨ ਦੇ ਬਾਹਰ ਫਾਸਟ ਫੂਡ ਦੀ ਰੇਹੜੀ ਲਾਉਂਦਾ ਸੀ| ਪਰਿਵਾਰ ਦੇ ਰਿਸ਼ਤੇਦਾਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਕਮਰੇ ਦੀ ਖਸਤਾ ਹਾਲ ਕੱਚੀ ਛੱਤ ਡਿੱਗ ਗਈ ਅਤੇ ਪਰਿਵਾਰ ਦੇ ਮੈਂਬਰ ਮਲਬੇ ਹੇਠ ਦਬ ਗਏ। ਉਨ੍ਹਾਂ ਦੱਸਿਆ ਕਿ ਲੜਕੀ ਰਾਜਬੀਰ ਕੌਰ ਪਿੰਡ ਦੇ ਸਕੂਲ ’ਚ 10ਵੀਂ ’ਚ ਪੜ੍ਹਦੀ ਸੀ। ਉਹ ਸਕੂਲ ਦੀ ਕਬੱਡੀ ਟੀਮ ਦੀ ਮੈਂਬਰ ਸੀ ਅਤੇ ਉਹ ਸੂਬਾ ਪੱਧਰੀ ਮੁਕਾਬਲੇ ਤਕ ਖੇਡ ਚੁੱਕੀ ਸੀ| ਇਸ ਹਾਦਸੇ ’ਚ ਪਰਿਵਾਰ ਦੇ ਕਿਸੇ ਜੀਅ ਦੇ ਜਿਊਂਦੇ ਨਾ ਰਹਿਣ ਕਾਰਨ ਰਿਸ਼ਤੇਦਾਰਾਂ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਪੁਲੀਸ ਨੂੰ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ| ਲਾਸ਼ਾਂ ਦਾ ਸਸਕਾਰ ਪਿੰਡ ਦੇ ਸਮੂਹ ਲੋਕਾਂ ਨੇ ਇਕੱਠੇ ਹੋ ਕੇ ਕੀਤਾ|