ਹਤਿੰਦਰ ਮਹਿਤਾ
ਜਲੰਧਰ, 3 ਜੁਲਾਈ
ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਅਫੀਮ, 1 ਦੇਸੀ ਪਿਸਤੌਲ 32 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨਾਖਾਂ ਵਾਲਾ ਬਾਗ ਚੌਕ ਭਾਰਗੋ ਕੈਂਪ ਤੋਂ ਦਸਮੇਸ਼ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲੀਸ ਟੀਮ ਨੇ ਮਸ਼ਕੂਕਾਂ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲਾ ਵਾਸੀ ਭੱਲਾ ਕਲੋਨੀ, ਛੇਹਰਟਾ (ਅੰਮ੍ਰਿਤਸਰ) ਵਜੋਂ ਹੋਈ। ਪੁਲੀਸ ਟੀਮ ਨੇ ਉਸ ਕੋਲੋਂ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਹੋਰ ਕਾਰਵਾਈ ਵਿੱਚ ਸੀਆਈਏ ਸਟਾਫ ਦੀ ਟੀਮ ਨੇ ਟਰਾਂਸਪੋਰਟ ਨਗਰ ਖੇਤਰ ਵਿੱਚ ਗਸ਼ਤ ਦੌਰਾਨ ਸੁਸ਼ੀਲ ਕੁਮਾਰ ਉਰਫ਼ ਸੁਜਲ ਵਾਸੀ ਉੜਮੁੜ ਟਾਂਡਾ, ਮਨਦੀਪ ਸਿੰਘ ਵਾਸੀ ਗ੍ਰੀਨ ਐਵੇਨਿਊ ਜਲੰਧਰ ਅਤੇ ਗਗਨਦੀਪ ਸਿੰਘ ਵਾਸੀ ਪਿੰਡ ਤਲਵੰਡੀ ਮੰਗੇ ਖਾਨ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਕਬਜ਼ੇ ’ਚੋਂ ਟੀਮ ਨੇ 2 ਕਿਲੋ ਅਫੀਮ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ-8 ਜਲੰਧਰ ਵਿੱਚ ਕੇਸ ਦਰਜ ਕਰ ਲਿਆ ਹੈ। ਇਕ ਹੋਰ ਮਾਮਲੇ ਵਿੱਚ ਸਪੈਸ਼ਲ ਸੈੱਲ ਦੀ ਟੀਮ ਨੇ ਮਕਸੂਦਾਂ-ਨੰਦਨਪੁਰ ਰੋਡ ਇਲਾਕੇ ਵਿੱਚ ਗਸ਼ਤ ਦੌਰਾਨ ਅਸ਼ੋਕ ਨਗਰ ਨੇੜੇ ਵਿਅਕਤੀ ਦੇ ਕਬਜ਼ੇ ’ਚੋਂ 258 ਗ੍ਰਾਮ ਹੈਰੋਇਨ, ਦੇਸੀ ਪਿਸਤੌਲ 32 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ। ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਨਵਯੁੱਗ ਕਲੋਨੀ ਜਲੰਧਰ ਵਜੋਂ ਹੋਈ ਹੈ