ਹਥਿਆਰ ਬਰਾਮਦਗੀ ਦੌਰਾਨ ਪੁਲੀਸ ਉੱਤੇ ਫਾਇਰਿੰਗ
ਜਵਾਬੀ ਕਾਰਵਾਈ ’ਚ ਦੋ ਮੁਲਜ਼ਮ ਜ਼ਖ਼ਮੀ; ਪੁਲੀਸ ’ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਮੁਲਜ਼ਮ
ਜਗਤਾਰ ਸਿੰਘ ਲਾਂਬਾ
ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਏ ਗਏ ਦੋ ਮੁਲਜ਼ਮਾਂ ਨੇ ਪੁਲੀਸ ’ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹੋਈ ਗੋਲੀਬਾਰੀ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ 30 ਬੋਰ ਪਿਸਤੌਲ, ਤਿੰਨ ਰੌਂਦ ਅਤੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ।
ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਦੀ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਦੋ ਮੁਲਜ਼ਮਾਂ ਅਭਿਨਾਸ਼ ਕੁਮਾਰ ਅਤੇ ਆਜ਼ਾਦ (ਦੋਵੇਂ ਵਾਸੀ ਕਰਨਾਲ) ਨੂੰ ਜ਼ਖ਼ਮੀ ਹਾਲਤ ਵਿੱਚ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ 8 ਅਕਤੂਬਰ ਨੂੰ ਇੱਕ ਵੈਲਡਿੰਗ ਦੀ ਦੁਕਾਨ ਦੇ ਮਾਲਕ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ। ਇਸ ਸਬੰਧੀ ਥਾਣਾ ਰਮਦਾਸ ਵਿੱਚ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ।
ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾਂ ਅਭਿਨਾਸ਼ ਕੁਮਾਰ, ਆਜ਼ਾਦ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਜਦੋਂ ਪੁਲੀਸ ਪਾਰਟੀ ਅਭਿਨਾਸ਼ ਕੁਮਾਰ ਅਤੇ ਆਜ਼ਾਦ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਮੌਕੇ ’ਤੇ ਲੈ ਕੇ ਗਈ ਤਾਂ ਦੋਵਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੁਕਾ ਕੇ ਰੱਖਿਆ ਪਿਸਤੌਲ ਕੱਢ ਕੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਆਪਣੀ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜੋ ਦੋਵਾਂ ਮੁਲਜ਼ਮਾਂ ਦੇ ਪੈਰਾਂ ਵਿੱਚ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਂਗਸਟਰ ਜੀਵਨ ਫੌਜੀ ਦੇ ਸਾਥੀ ਹਨ ਅਤੇ ਉਨ੍ਹਾਂ ਨੂੰ ਵਿਦੇਸ਼ ਤੋਂ ਫੰਡਿੰਗ ਕੀਤੀ ਜਾ ਰਹੀ ਸੀ। ਪੁਲੀਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।