ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਰੀਅਲ ਅਸਟੇਟ ਕਾਰੋਬਾਰੀ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਕੈਲਾਸ਼ ਚੌਧਰੀ ਗੈਂਗ ਨੇ ਲਈ ਹੈ ਅਤੇ ਵਪਾਰੀ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਹਾਲਾਂਕਿ ਗੋਲੀਆਂ ਚੱਲਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੀ ਬਾਲਕੋਨੀ ’ਚ ਲੱਗੇ ਸ਼ੀਸ਼ੇ ਟੁੱਟ ਗਏ।
ਜਾਣਕਾਰੀ ਅਨੁਸਾਰ ਡਾਬਾ ਥਾਣਾ ਖੇਤਰ ’ਚ ਰਹਿੰਦੇ ਰੀਅਲ ਅਸਟੇਟ ਕਾਰੋਬਾਰੀ ਨੰਦ ਲਾਲ ਦੇ ਘਰ ਦੇ ਬਾਹਰ ਮੋਟਰਸਾਈਕਲ ’ਤੇ ਆਏ ਵਿਅਕਤੀਆਂ ਨੇ ਲੰਘੀ ਦੇਰ ਰਾਤ ਗੋਲੀਬਾਰੀ ਕੀਤੀ। ਮੁਲਜ਼ਮਾਂ ਨੇ ਲਗਪਗ 20 ਤੋਂ 25 ਗੋਲੀਆਂ ਚਲਾਈਆਂ। ਇਸ ਨਾਲ ਘਰ ਦੀ ਬਾਹਰਲੇ ਪਾਸੇ ਬਾਲਕੋਨੀ ਤੇ ਲੱਗੇ ਸ਼ੀਸ਼ੇ ਨੁਕਸਾਨੇ ਗਏ। ਅਣਪਛਾਤੇ ਵਿਅਕਤੀ ਗੋਲੀਆਂ ਚਲਾਉਣ ਤੋਂ ਬਾਅਦ ਘਟਨਾ ਸਥਾਨ ’ਤੇ ਪਰਚੀ ਸੁੱਟ ਕੇ ਗਏ ਜਿਸ ’ਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਨਾਮ ਅਤੇ 5 ਕਰੋੜ ਲਿਖਿਆ ਹੋਇਆ ਹੈ। ਪੁਲੀਸ ਨੇ ਪਰਚੀ ਕਬਜ਼ੇ ’ਚ ਲੈ ਲਈ ਹੈ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗੈਂਗਸਟਰ ਕੈਲਾਸ਼ ਚੌਧਰੀ ਵੱਲੋਂ ਨੰਦ ਲਾਲ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਦੂਜੇ ਪਾਸੇ ਦੇਰ ਰਾਤ ਵਾਪਰੀ ਇਸ ਘਟਨਾ ਨਾਲ ਇਲਾਕੇ ’ਚ ਡਰ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਡਾਬਾ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਮਲਾਵਰ ਜੀ ਐੱਨ ਈ ਕਾਲਜ ਵੱਲ ਫਰਾਰ ਹੋਏ ਦੱਸੇ ਜਾ ਰਹੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।