ਸਰਹਿੰਦ ਨੇੜੇ ਗਰੀਬ ਰਥ ਦੇ ਏ ਸੀ ਡੱਬੇ ਨੂੰ ਅੱਗ ਲੱਗੀ
ਅੌਰਤ ਜ਼ਖ਼ਮੀ, ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਸੀ ਗੱਡੀ; ਰੇਲਵੇ ਨੇ ਜਾਂਚ ਵਿੱਢੀ
ਅੰਮ੍ਰਿਤਸਰ-ਸਹਰਸਾ ਗ਼ਰੀਬ ਰੱਥ ਰੇਲਗੱਡੀ (ਨੰਬਰ 12204) ਦੀ ਬੋਗੀ ਜੀ-19 ਨੂੰ ਅੱਜ ਸਵੇਰੇ 7.22 ਵਜੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਅੱਗ ਲੱਗ ਗਈ। ਇਸ ਘਟਨਾ ’ਚ ਔਰਤ ਜ਼ਖ਼ਮੀ ਹੋ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਰੇਲਵੇ ਸਟਾਫ਼ ਨੇ ਤੁਰੰਤ ਏ ਸੀ ਡੱਬੇ ’ਚ ਸਵਾਰ ਯਾਤਰੀਆਂ ਨੂੰ ਦੂਸਰੇ ਡੱਬਿਆਂ ਵਿੱਚ ਤਬਦੀਲ ਕੀਤਾ। ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਮੌਕੇ ’ਤੇ ਪਹੁੰਚੇ।
ਰੇਲਵੇ ਪੁਲੀਸ ਨੇ ਦੱਸਿਆ ਕਿ ਰੇਲਗੱਡੀ ਦੇ ਏ ਸੀ ਡੱਬੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਯਾਤਰੀ ਨੇ ਰੇਲਗੱਡੀ ਰੋਕਣ ਲਈ ਚੇਨ ਖਿੱਚੀ। ਇਸ ਦੌਰਾਨ ਯਾਤਰੀਆਂ ਨੂੰ ਡੱਬੇ ’ਚ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਫੁਰਤੀ ਨਾਲ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰੇਲਵੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਪਟਾਕਿਆਂ ਨਾਲ ਅੱਗ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿਉਂਕਿ ਰੇਲਗੱਡੀ ’ਚ ਕੋਈ ਧਮਾਕਾ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਰੇਲਵੇ ਪੁਲੀਸ ਦੇ ਐੱਸ ਐੱਚ ਓ ਰਤਨ ਲਾਲ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਕਾਰਨ ਸਾਹਮਣੇ ਆ ਜਾਵੇਗਾ। ਰੇਲਗੱਡੀ ਦੇ ਅੱਗ ਨਾਲ ਨੁਕਸਾਨੇ ਡੱਬੇ ਨੂੰ ਉਥੇ ਰੋਕ ਕੇ ਬਾਕੀ ਗੱਡੀ ਸਵਾਰੀਆਂ ਰਵਾਨਾ ਕਰ ਦਿੱਤੀ ਗਈ।
ਸੂਚਨਾ ਅਨੁਸਾਰ ਇਸ ਰੇਲਗੱਡੀ ਦਾ ਸਰਹਿੰਦ ਠਹਿਰਾਅ ਨਹੀਂ ਸੀ ਤੇ ਇਸ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਰੁਕਣਾ ਸੀ ਪ੍ਰੰਤੂ ਘਟਨਾ ਕਾਰਨ ਕਾਫ਼ੀ ਸਮਾਂ ਇਹ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਰੁਕੀ ਰਹੀ, ਜਿਸ ਕਾਰਨ ਹੋਰ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ। ਇਸ ਦੌਰਾਨ ਲੁਧਿਆਣਾ-ਅੰਬਾਲਾ ਸੈਕਸ਼ਨ ਦੀ ਰੇਲਵੇ ਆਵਾਜਾਈ ਪ੍ਰਭਾਵਿਤ ਰਹੀ।