ਰਾਮੇਸ਼ ਭਾਰਦਵਾਜ
ਨੇੜਲੇ ਪਿੰਡ ਖੰਡੇਬਾਦ ਵਿੱਚ ਸਥਿਤ ਜਰਮਨੀ ਦੀ ਕੰਪਨੀ ਵਰਬੀਓ ਦੇ ਪਰਾਲੀ ਡੰਪ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕੰਪਨੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਕਾਰਨ ਕਰੀਬ 250 ਟਨ ਪਰਾਲੀ ਸੜ ਗਈ।
ਇਸ ਸਬੰਧੀ ਕੰਪਨੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਧੁੱਪ ਕਾਰਨ ਪਰਾਲੀ ਵਿੱਚ ਗੈਸ ਬਣਨ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋੜ ਤੋਂ ਵੱਧ ਗੈਸ ਪੈਦਾ ਹੋ ਜਾਂਦੀ ਹੈ ਤਾਂ ਇਸ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਸ਼ੀਨਰੀ ਦੇ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ 250 ਟਨ ਪਰਾਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਸੁਨਾਮ, ਮੂਨਕ ਅਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ਬੁਝਾਈ। ਇਸ ਤੋਂ ਇਲਾਵਾ ਵਰਬੀਓ ਕੰਪਨੀ ਦੇ ਟੈਂਕਰਾਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਲਹਿਰਾ-ਪਾਤੜਾਂ ਰੋਡ ’ਤੇ ਸਥਿਤ ਇੱਕ ਡੰਪ ਵਿੱਚ ਅੱਗ ਲੱਗਣ ਕਾਰਨ ਵੱਡੀ ਮਾਤਰਾ ਵਿੱਚ ਪਰਾਲੀ ਸੜ ਗਈ ਸੀ।