ਸੰਜੀਵ ਬੱਬੀ
ਚਮਕੌਰ ਸਾਹਿਬ ਇਲਾਕੇ ਵਿੱਚ ਸਥਿਤ ਪੋਲਟਰੀ ਫਾਰਮ ਦੇ ਮਾਲਕ ਵੱਲੋਂ ਦੂਜੇ ਸੂਬਿਆਂ ਤੋਂ ਮੱਕੀ, ਜੌਂ ਅਤੇ ਬਾਜਰਾ ਆਦਿ ਮੰਗਵਾਉਣ ਸਮੇਂ ਮਾਰਕੀਟ ਕਮੇਟੀ ਅਤੇ ਰੂਰਲ ਡਿਵੈਲਪਮੈਂਟ ਫੰਡ (ਆਰ ਡੀ ਐੱਫ) ਕਥਿਤ ਤੌਰ ’ਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਦੀ ਹਾਜ਼ਰੀ ਵਿੱਚ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੋਲਟਰੀ ਫਾਰਮ ਦੇ ਮਾਲਕ ਨੂੰ ਸਵਾ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਬਹਿਰਾਮਪੁਰ ਬੇਟ ਵਿੱਚ ਸਥਿਤ ਪੋਲਟਰੀ ਫਾਰਮ ਦੇ ਮਾਲਕਾਂ ਨੇ ਰਾਜਸਥਾਨ ਤੋਂ ਬਾਜਰਾ ਮੰਗਵਾਇਆ ਸੀ। ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਰਾਜਸਥਾਨ ਤੋਂ ਆਏ ਟਰੱਕ ਦਾ ਪਿੱਛਾ ਕੀਤਾ ਤੇ ਡਰਾਈਵਰ ਤੋਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਟਰੱਕ ਵਿੱਚ ਰਾਜਸਥਾਨ ਤੋਂ 29 ਟਨ ਲਿਆਂਦਾ ਬਾਜਰਾ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਵਿੱਚ ਅਣਲੋਡ ਕੀਤਾ ਗਿਆ ਹੈ। ਡਰਾਈਵਰ ਤਾਲਿਬ ਨੇ ਅਧਿਕਾਰੀਆ ਨੂੰ ਬਿੱਲ ਵੀ ਦਿਖਾਇਆ ਪਰ ਉਹ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਅਦਾਇਗੀ ਸਬੰਧੀ ਕੋਈ ਰਸੀਦ ਨਹੀਂ ਦਿਖਾ ਸਕਿਆ। ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਮੰਗਵਾਈ ਸਮੱਗਰੀ ’ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਲੈਣਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ਵਿੱਚ ਸਥਿਤ ਪੋਲਟਰੀ ਫਾਰਮ ਵਾਲੇ ਬਿਨਾਂ ਲਾਇਸੈਂਸ ਤੋਂ ਖ਼ਰੀਦ ਨਹੀਂ ਕਰ ਸਕਦੇ। ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮ ਤੋਂ ਕੁੱਲ 1,26,000 ਰੁਪਏ ਦੀ ਵਸੂਲੀ ਲਈ ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

