ਵਿੱਤ ਮੰਤਰੀ ਵੱਲੋਂ ਤਿੰਨ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪਾਵਰਕੌਮ ਐਂਡ ਟਰਾਂਸਕੋ ਕੰਟਰੈਕਚੁਅਲ ਐਂਪਲਾਈਜ਼ ਯੂਨੀਅਨ, ਪੰਜਾਬ ਆਯੁਰਵੈਦਿਕ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਤੇ ਹੋਮਿਓਪੈਥਿਕ ਮੈਡੀਕਲ ਅਫਸਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕਰਨ ਲਈ ਮੀਟਿੰਗਾਂ ਕੀਤੀਆਂ। ਵਿੱਤ ਮੰਤਰੀ ਨੇ ਪਾਵਰਕੌਮ ਐਂਡ ਟਰਾਂਸਕੋ ਕੰਟਰੈਕਚੁਅਲ ਐਂਪਲਾਈਜ਼ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਬਾਰੇ ਕਾਫ਼ੀ ਦੇਰ ਚਰਚਾ ਕੀਤੀ। ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਚੀਮਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੱਕ ਯੋਜਨਾ ਤਿਆਰ ਕਰਨ ਅਤੇ ਅੱਗੇ ਦੀ ਕਾਰਵਾਈ ਨੂੰ ਸੁਚਾਰੂ ਬਣਾਉਣ ਲਈ ਵਿੱਤ ਅਤੇ ਪ੍ਰਸੋਨਲ ਵਿਭਾਗਾਂ ਨਾਲ ਇਸ ’ਤੇ ਚਰਚਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਨਰਲ ਸਕੱਤਰ ਟੇਕ ਚੰਦ ਅਤੇ ਪ੍ਰੈੱਸ ਸਕੱਤਰ ਇੰਦਰਪ੍ਰੀਤ ਸਿੰਘ ਮੌਜੂਦ ਰਹੇ। ਇਸ ਤੋਂ ਪਹਿਲਾਂ ਸਿਵਲ ਸਕੱਤਰੇਤ ਵਿੱਚ ਵਿੱਤ ਮੰਤਰੀ ਨੇ ਪੰਜਾਬ ਆਯੁਰਵੈਦਿਕ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਤੇ ਹੋਮਿਓਪੈਥਿਕ ਮੈਡੀਕਲ ਅਫਸਰਜ਼ ਐਸੋਸੀਏਸ਼ਨ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਯੂਨੀਅਨਾਂ ਦੀਆਂ ਮੰਗਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਦੋਵਾਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਾਇਜ਼ ਮੰਗਾਂ ਦੇ ਜਲਦੀ ਹੱਲ ਲਈ ਪ੍ਰਸਤਾਵ ਤਿਆਰ ਕਰਨ ਅਤੇ ਉਨ੍ਹਾਂ ਨੂੰ ਵਿੱਤ ਵਿਭਾਗ ਨੂੰ ਸੌਂਪਣ।