ਫਿਰੋਜ਼ਪੁਰ ਪੁਲੀਸ ਵੱਲੋਂ ਹਥਿਆਰਾਂ ਸਣੇ ਦੋ ਕਾਬੂ
ਮੁਲਜ਼ਮਾਂ ਕੋਲੋਂ 3 ਕਿਲੋ 31.53 ਗ੍ਰਾਮ ਹੈਰੋਇਨ, ਡੇਢ ਲੱਖ ਡਰੱਗ ਮਨੀ, ਪਿਸਤੌਲ ਅਤੇ ਡੇਢ ਕਿਲੋ ਅਫੀਮ ਵੀ ਕੀਤੀ ਬਰਾਮਦ
ਜ਼ਿਲ੍ਹਾ ਪੁਲੀਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 3 ਕਿਲੋ 31.53 ਗ੍ਰਾਮ ਹੈਰੋਇਨ, 1 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ, ਪਿਸਤੌਲ, ਜ਼ਿੰਦਾ ਕਾਰਤੂਸ, ਮੋਟਰਸਾਈਕਲ, ਮੋਬਾਈਲ ਫੋਨ ਅਤੇ 1 ਕਿਲੋ 502 ਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਉਕਤ ਮਾਮਲਿਆਂ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਅਤੇ ਥਾਣਾ ਛਾਉਣੀ ਫਿਰੋਜ਼ਪੁਰ ਵਿਚ ਮਾਮਲੇ ਦਰਜ ਕੀਤੇ ਹਨ।
ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਸੀਆਈਏ ਸਟਾਫ਼ ਦੇ ਇੰਸਪੈਕਟਰ ਮੋਹਿਤ ਧਵਨ ਨੇ ਆਪਣੀ ਪੁਲੀਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਸੂਚਨਾ ਦੇ ਆਧਾਰ ’ਤੇ ਵਰਿੰਦਰ ਵਾਸੀ ਕਾਂਸ਼ੀ ਨਗਰੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 3 ਕਿਲੋ 25 ਗ੍ਰਾਮ ਹੈਰੋਇਨ, 1 ਲੱਖ 50 ਹਜ਼ਾਰ ਰੁਪਏ ਦੀ ਡਰੱਗ ਮਨੀ, 1 ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਰੌਂਦ, 1 ਟੱਚ ਸਕਰੀਨ ਮੋਬਾਈਲ ਫੋਨ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ।
ਐੱਸਐੱਸਪੀ ਭੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਸੀਆਈਏ ਸਟਾਫ਼ ਦੇ ਐੱਸਆਈ ਸੁਖਬੀਰ ਸਿੰਘ ਨੇ ਪੁਲੀਸ ਪਾਰਟੀ ਨਾਲ ਗਸ਼ਤ ’ਤੇ ਚੈਕਿੰਗ ਦੌਰਾਨ ਸੁਮਿਮ ਹੁਸੈਨ ਵਾਸੀ ਸਿਰਤਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 465 ਨਵੀਂ ਇੰਦਰਾ ਕਲੋਨੀ ਮਨੀ ਮਾਜਰਾ, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ। ਸੁਮਿਮ ਹੁਸੈਨ ਦੇ ਕਬਜ਼ੇ ਵਿੱਚੋਂ 1 ਕਿਲੋ 502 ਗ੍ਰਾਮ ਅਫੀਮ ਬਰਾਮਦ ਹੋਈ ਹੈ।

