ਜਾਇਦਾਦ ਲਈ ਪਿਓ ਨੂੰ ਕੁਹਾੜੀ ਨਾਲ ਵੱਢਿਆ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 30 ਜੂਨ
ਇਥੋਂ ਦੇ ਨੇੜਲੇ ਪਿੰਡ ਜਟਾਣਾ ਵਿੱਚ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਜਾਇਦਾਦ ਦੇ ਲਾਲਚ ਵਿੱਚ ਕੁਹਾੜੀ ਨਾਲ ਵੱਢ ਕੇ ਪਿਓ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਨੇ ਪਹਿਲਾਂ ਪਿਤਾ ਨੂੰ ਰਾਤ ਸਮੇਂ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ, ਫਿਰ ਸਿਰ ’ਤੇ ਡੰਡੇ ਨਾਲ ਵਾਰ ਕਰ ਕੇ ਉਸ ਨੂੰ ਬੇਹੋਸ਼ ਕੀਤਾ ਤੇ ਉਸ ਦੇ ਚਿਹਰੇ ਅਤੇ ਗਰਦਨ ਉੱਪਰ ਕੁਹਾੜੀ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਦੋਵਾਂ ਨੇ ਇਸ ਨੂੰ ਹਾਦਸਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ। ਮ੍ਰਿਤਕ ਦੇ ਭਰਾ ਭਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਨੂੰ ਜਾਇਦਾਦ ਦੇ ਲਾਲਚ ਵਿੱਚ ਆ ਕੇ ਉਸ ਦੇ ਨੂੰਹ-ਪੁੱਤ ਨੇ ਕੁਹਾੜੀ ਨਾਲ ਵੱਢ ਕੇ ਕਤਲ ਕੀਤਾ ਹੈ। ਮੁਲਜ਼ਮ ਦੀ ਪਛਾਣ ਜੁਗਰਾਜ ਸਿੰਘ ਅਤੇ ਨੂੰਹ ਰੇਨੂੰ ਰਾਣੀ ਵਜੋਂ ਹੋਈ ਹੈ। ਭਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 25 ਜੂਨ ਨੂੰ ਉਸ ਦਾ ਭਰਾ ਪਿੰਡ ਦੇ ਗੇਟ ਕੋਲ ਮਿਲਿਆ ਸੀ, ਉਸ ਨੇ ਦੱਸਿਆ ਸੀ ਕਿ ਉਸ ਦੇ ਨੂੰਹ-ਪੁੱਤ ਉਸ ਨੂੰ ਮਕਾਨ ਆਪਣੇ ਨਾਂ ’ਤੇ ਕਰਵਾਉਣ ਲਈ ਮਜਬੂਰ ਕਰ ਰਹੇ ਹਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਉਸ ਦੇ ਭਰਾ ਬਲਵੀਰ ਸਿੰਘ ਨੂੰ ਡਰ ਸੀ ਕਿ ਉਸ ਦਾ ਲੜਕਾ ਕੋਈ ਕੰਮ ਨਹੀਂ ਕਰਦਾ, ਜਿਸ ਕਾਰਨ ਉਸ ਨੇ ਮਕਾਨ ਨੂੰਹ ਦੇ ਨਾਂ ਨਹੀਂ ਕਰਵਾਇਆ ਸੀ। ਡੀਐੱਸਪੀ ਕਰਮਵੀਰ ਤੂਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੇਸ ਦਰਜ ਕਰ ਲਿਆ ਹੈ।