ਕਰਮਜੀਤ ਸਿੰਘ ਚਿੱਲਾ
ਇਥੋਂ ਦੇ ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਿਸਾਨਾ ਨੇ ਜ਼ੀਰਕਪੁਰ ਥਾਣੇ ਵਿੱਚ ਜੂਨ 2022 ਵਿੱਚ ਦਰਜ ਹੋਏ ਕੇਸ ਵਿੱਚ ਪੰਜ ਮਹੀਨਿਆਂ ਦੇ ਪੁੱਤਰ ਨੂੰ ਮਾਰਨ ਦੇ ਦੋਸ਼ ਹੇਠ ਉਸ ਦੇ ਪਿਤਾ ਅਭਿਸ਼ੇਕ ਸ਼ਰਮਾ ਨੂੰ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਸ ਨੂੰ ਹੋਰ ਛੇ ਮਹੀਨਿਆਂ ਦੀ ਕੈਦ ਕੱਟਣੀ ਪਵੇਗੀ।
ਦੇਹਰਾਦੂਨ ਦੇ ਵਸਨੀਕ ਅਭਿਸ਼ੇਕ ਖ਼ਿਲਾਫ਼ ਉਸ ਦੀ ਪਤਨੀ ਨਿਕੀਤਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਅਭਿਸ਼ੇਕ ਨਾਲ ਉਸ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ। ਉਹ ਸਾਲ 2021 ’ਚ ਜ਼ੀਰਕਪੁਰ ਆ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਸਨ। ਜਨਵਰੀ 2022 ਵਿੱਚ ਉਨ੍ਹਾਂ ਦੇ ਘਰ ਪੁੱਤਰ ਸਾਰਥਿਕ ਨੇ ਜਨਮ ਲਿਆ ਸੀ। ਇਸੇ ਦੌਰਾਨ 11 ਜੂਨ ਨੂੰ ਸਹੁਰਿਆਂ ਨਾਲ ਝਗੜੇ ਤੋਂ ਬਾਅਦ ਉਹ ਜਦੋਂ ਜ਼ੀਰਕਪੁਰ ਪਰਤੇ ਤਾਂ ਦੋਵੇਂ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ।
ਇਸ ਮਗਰੋਂ ਉਸ ਦੇ ਪਤੀ ਨੇ ਪੰਜ ਮਹੀਨਿਆਂ ਦੇ ਆਪਣੇ ਪੁੱਤਰ ਕਮਰੇ ਅੰਦਰ ਬੰਦ ਕਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਜਦੋਂ 13 ਜੂਨ ਨੂੰ ਆਪਣੇ ਮਾਪਿਆਂ ਸਣੇ ਘਰ ਪਰਤੀ ਤਾਂ ਬੱਚਾ ਬੇਹੋਸ਼ ਸੀ। ਡਾਕਟਰਾਂ ਕੋਲ ਲਿਜਾਣ ’ਤੇ ਉਨ੍ਹਾਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਨਿਕੀਤਾ ਦੇ ਬਿਆਨਾਂ ’ਤੇ ਅਭਿਸ਼ੇਕ ਖ਼ਿਲਾਫ਼ ਬੱਚੇ ਨੂੰ ਗਲਾ ਕੁੱਟ ਕੇ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਅਭਿਸ਼ੇਕ ਨੂੰ ਦੋਸ਼ੀ ਐਲਾਨ ਦਿੱਤਾ ਸੀ ਤੇ ਅੱਜ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

