ਮੋਹਿਤ ਸਿੰਗਲਾ
ਨਾਭਾ, 22 ਮਈ
ਇਥੋਂ ਦੇ ਪਿੰਡ ਟੋਡਰਵਾਲ ਦੇ ਵਸਨੀਕ ਪਿਓ-ਪੁੱਤ ਨੇ ਕਮਰੇ ਵਿੱਚ ਫਾਹਾ ਲੈ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਪਿਤਾ ਬੇਅੰਤ ਸਿੰਘ (57) ਅਤੇ ਪੁੱਤਰ ਗੁਰਵੀਰ ਸਿੰਘ (30) ਵਜੋਂ ਕੀਤੀ ਗਈ ਹੈ। ਕਿਸੇ ਸਮੇਂ 10 ਕਿੱਲੇ ਦੇ ਮਾਲਕ ਬੇਅੰਤ ਸਿੰਘ ਕੋਲ ਹੁਣ ਇਕ ਕਮਰੇ ਤੋਂ ਇਲਾਵਾ ਕੋਈ ਜਾਇਦਾਦ ਨਹੀਂ ਬਚੀ ਸੀ। ਲੰਮੀ ਬਿਮਾਰੀ ਕਾਰਨ ਬੇਅੰਤ ਸਿੰਘ ਦੀ ਪਤਨੀ ਦਾ ਦੇਹਾਂਤ ਹੋ ਚੁੱਕਾ ਹੈ। ਪੁੱਤਰ ਗੁਰਵੀਰ ਸਿੰਘ ਦਾ ਛੇ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਬੇਅੰਤ ਸਿੰਘ ਨੇ ਧੀ ਦਾ ਫੋਨ ਨਾ ਚੁੱਕਿਆ ਤਾਂ ਉਸ ਨੇ ਪਿੰਡ ਵਿੱਚ ਕਿਸੇ ਨਾਲ ਸੰਪਰਕ ਕੀਤਾ, ਜਦੋਂ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਘਰ ਜਾ ਕੇ ਦੇਖਿਆ ਤਾਂ ਪਿਓ-ਪੁੱਤ ਨੇ ਦੀਆਂ ਲਾਸ਼ਾਂ ਗਾਰਡਰ ਨਾਲ ਲਟਕ ਰਹੀਆਂ ਸਨ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸਾਲ 2007 ਵਿੱਚ ਜ਼ਮੀਨਾਂ ਦੇ ਭਾਅ ਵਧਣ ’ਤੇ ਬੇਅੰਤ ਸਿੰਘ ਨੇ ਆਪਣੀ 55 ਵਿੱਘੇ ਦੇ ਕਰੀਬ ਜ਼ਮੀਨ ਵੇਚ ਦਿੱਤੀ ਸੀ। ਸਾਰਾ ਲੈਣ-ਦੇਣ ਨਿਬੇੜ ਕੇ ਵੀ ਉਸ ਕੋਲ ਵੱਡੀ ਰਕਮ ਬਚ ਗਈ ਸੀ। ਉਹ ਕਿਸਾਨੀ ਛੱਡ ਕੇ ਕੁਝ ਹੋਰ ਕੰਮਕਾਰ ਕਰਨਾ ਚਾਹੁੰਦਾ ਸੀ। ਗੁਰਵੀਰ ਨੇ ਡਰਾਇਵਰੀ ਵੀ ਕੀਤੀ। ਲੋਕਾਂ ਮੁਤਾਬਕ ਪਿਓ-ਪੁੱਤਰ ਨੇ ਪਿਛਲੇ ਕੁਝ ਸਾਲਾਂ ਵਿੱਚ ਕਮਰੇ ਤੋਂ ਬਿਨਾਂ ਘਰ ਦਾ ਵੱਡਾ ਹਿੱਸਾ ਵੀ ਵੇਚ ਦਿੱਤਾ ਸੀ। ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਕ ਪਿਉ-ਪੁੱਤ ਡਿਪਰੈਸ਼ਨ ਵਿੱਚ ਸਨ ਤੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਰਾਏ ਅਨੁਸਾਰ ਬਿਨਾਂ ਪੋਸਟ ਮਾਰਟਮ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ।