ਬਿਆਸ ਦਰਿਆ ’ਚ ਪਾਣੀ ਦਾ ਪੱਧਰ ਵਧਣ ਤੋਂ ਕਿਸਾਨ ਚਿੰਤਤ
ਜਸਬੀਰ ਸਿੰਘ ਚਾਨਾ
ਬਿਆਸ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਮੰਡ ਖੇਤਰ ’ਚ ਪੈਂਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨ ਫ਼ਿਕਰਮੰਦ ਹਨ। ਅੱਜ ਹਰੀਕੇ ਹੈੱਡ ਨੇੜੇ ਕਿਸਾਨਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਹੈੱਡ ਤੋਂ ਪਾਣੀ ਰਿਲੀਜ਼ ਕੀਤਾ ਗਿਆ ਸੀ। ਅੱਜ ਸਵੇਰੇ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਗਿਆ। ਉਨ੍ਹਾਂ ਕਿਹਾ ਕਿ ਹਰੀਕੇ ਹੈੱਡ ਦਾ ਕੋਈ ਵੀ ਮੁੱਖ ਅਧਿਕਾਰੀ ਨਾ ਆਉਣ ਕਾਰਨ ਤਹਿਸੀਲਦਾਰ ਅਤੇ ਜੇਈ ਮੌਕੇ ’ਤੇ ਪੁੱਜੇ ਤੇ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਅਧਿਕਾਰੀਆਂ ਨਾਲ ਜਲਦ ਹੀ ਮੁਲਾਕਾਤ ਕਰਵਾਈ ਜਾਵੇਗੀ। ਭਰੋਸਾ ਮਿਲਣ ਮਗਰੋਂ ਕਿਸਾਨਾਂ ਨੇ ਇਹ ਧਰਨਾ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਡੀ ਦਰਿਆ ਬਿਆਸ ਦੀ ਮਾਲਕੀ ਜ਼ਮੀਨ ਹੈ ਜਿਸ ਵਿੱਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡ ਖੇਤਰ ਦੇ ਲੋਕ ਪਹਿਲਾਂ ਹੀ ਬਹੁਤ ਦੁੱਖ ਝੱਲ ਰਹੇ ਹਨ। ਸਰਕਾਰ ਨੇ ਹਾਲੇ ਤੱਕ ਸਾਲ 2023 ’ਚ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਸੂਬਾ ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਕਿਸਾਨਾਂ ਨੇ ਅਧਿਕਾਰੀਆਂ ਤੋਂ ਹਰੀਕੇ ਹੈੱਡ ਵਰਕਸ ਰਾਹੀਂ ਪਾਣੀ ਛੱਡਣ ਦੀ ਮੰਗ ਕੀਤੀ ਹੈ।
ਨੀਵੇਂ ਖੇਤਰ ਪਾਣੀ ’ਚ ਡੁੱਬੇ
ਦਰਿਆ ਵਿੱਚ ਪਾਣੀ ਵਧਣ ਕਾਰਨ ਪਸ਼ੂਆਂ ਅਤੇ ਨੇੜੇ ਦੇ ਘਰਾਂ ਨੂੰ ਵੀ ਚਿੰਤਾ ਸਤਾਉਣ ਲੱਗ ਪਈ ਹੈ। ਨੀਵੇਂ ਖੇਤਰ ਪਾਣੀ ਨਾਲ ਪਹਿਲਾਂ ਹੀ ਡੁੱਬ ਚੁੱਕੇ ਹਨ। ਦੂਜੇ ਪਾਸੇ, ਮੰਡ ਖੇਤਰ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਨੀਵੇਂ ਖੇਤ ਪਾਣੀ ’ਚ ਡੁੱਬ ਚੁੱਕੇ ਹਨ। ਬਾਕੀ ਫ਼ਸਲ ਨੂੰ ਬਚਾਉਣ ਲਈ ਬੰਨ੍ਹਾਂ ’ਤੇ ਮਿੱਟੀ ਪਾਈ ਜਾ ਰਹੀ ਹੈ। ਭਾਵੇਂ ਬੰਨ੍ਹ ਲਾਉਣ ਦਾ ਕੰਮ ਨਿਰੰਤਰ ਜਾਰੀ ਹੈ ਪਰ ਆਮ ਲੋਕਾਂ ਦਾ ਪਾਣੀ ਦੇ ਤੇਜ਼ ਵਹਾਅ ਅੱਗੇ ਜ਼ੋਰ ਨਹੀਂ ਚੱਲ ਰਿਹਾ ਤੇ ਸਾਰੇ ਬੰਨ੍ਹ ਟੁੱਟਦੇ ਜਾ ਰਹੇ ਹਨ।
ਪੰਜਾਬ ’ਚ ਅਗਲੇ ਦੋ ਦਿਨ ਟੁਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ’ਚ ਲੰਘੀ ਰਾਤ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਨੇ ਕਈ ਸ਼ਹਿਰਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਇਸ ਦੌਰਾਨ ਸ਼ਹਿਰਾਂ ਦੀਆਂ ਸੜਕਾਂ ’ਤੇ ਗੋਢੇ-ਗੋਢੇ ਪਾਣੀ ਖੜ੍ਹ ਗਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿਨ ਸਮੇਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ। ਮੀਂਹ ਕਾਰਨ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਵਿੱਚ ਪਾਣੀ ਵਧਣ ਕਾਰਨ ਨੇੜਲੇ ਇਲਾਕੇ ਦੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ। ਉੱਧਰ, ਮੌਸਮ ਵਿਭਾਗ ਨੇ 5 ਅਗਸਤ ਨੂੰ ਪੰਜਾਬ ਵਿੱਚ ਕਈ ਥਾਵਾਂ ’ਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਹੁਸ਼ਿਆਰਪੁਰ, ਫਾਜ਼ਿਲਕਾ, ਮੁਹਾਲੀ ਤੇ ਹੋਰਨਾਂ ਕਈ ਸ਼ਹਿਰਾਂ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 12 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਪਟਿਆਲਾ ਵਿੱਚ 4.2 ਐੱਮਐੱਮ, ਨਵਾਂ ਸ਼ਹਿਰ ਵਿੱਚ 7.5 ਐੱਮਐੱਮ, ਮੁਹਾਲੀ ਵਿੱਚ 41 ਐੱਮਐੱਮ, ਹੁਸ਼ਿਆਰਪੁਰ ਵਿੱਚ 44.5 ਐੱਮਐੱਮ ਤੇ ਰੂਪਨਗਰ ਵਿੱਚ 15.5 ਐੱਮਐੱਮ ਮੀਂਹ ਪਿਆ ਹੈ।