DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹਾਂ ਮਗਰੋਂ ਝੋਨੇ ਦੇ ਘਟੇ ਝਾੜ ਨੇ ਝੰਬੇ ਕਿਸਾਨ

ਝਾੜ ਪ੍ਰਤੀ ਏਕਡ਼ ਪੰਜ ਤੋਂ ਛੇ ਕੁਇੰਟਲ ਘਟਿਆ; ਕਿਸਾਨਾਂ ਦੇ ਫ਼ਿਕਰ ਵਧੇ

  • fb
  • twitter
  • whatsapp
  • whatsapp
featured-img featured-img
ਜਲੰਧਰ ਦੀ ਮੰਡੀ ’ਚ ਝੋਨਾ ਸੁਕਾਉਂਦਾ ਹੋਇਆ ਮਜ਼ਦੂਰ। -ਫੋਟੋ: ਸਰਬਜੀਤ ਸਿੰਘ
Advertisement

ਚਰਨਜੀਤ ਭੁੱਲਰ

ਪੰਜਾਬ ’ਚ ਹੜ੍ਹਾਂ ਮਗਰੋਂ ਝੋਨੇ ਦਾ ਘਟਿਆ ਝਾੜ ਕਿਸਾਨੀ ਲਈ ਨਵਾਂ ਝਟਕਾ ਹੈ। ਖ਼ਰੀਦ ਕੇਂਦਰਾਂ ’ਚ ਹੁਣ ਤੱਕ ਦੇ ਰੁਝਾਨਾਂ ਅਨੁਸਾਰ ਪੰਜਾਬ ’ਚ ਇਸ ਸਾਲ ਝੋਨੇ ਦਾ ਝਾੜ ਪ੍ਰਤੀ ਏਕੜ ਪੰਜ ਤੋਂ ਛੇ ਕੁਇੰਟਲ ਘਟਿਆ ਹੈ। ਝਾੜ ਘਟਣ ਦਾ ਕਾਰਨ ਕੁਦਰਤੀ ਆਫ਼ਤ ਦੀ ਮਾਰ ਹੀ ਦੱਸਿਆ ਜਾ ਰਿਹਾ ਹੈ। ਸੂਬੇ ਵਿੱਚ ਕਰੀਬ ਪੰਜ ਲੱਖ ਏਕੜ ਫ਼ਸਲ ਤਾਂ ਹੜ੍ਹਾਂ ਦੀ ਲਪੇਟ ’ਚ ਆ ਚੁੱਕੀ ਹੈ।

Advertisement

ਕਿਸਾਨਾਂ ਤੇ ਆੜ੍ਹਤੀਆਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ’ਚ ਝੋਨੇ ਦਾ ਝਾੜ 23 ਤੋਂ 25 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ, ਜਦੋਂਕਿ ਪਿਛਲੇ ਸਾਲ ਇਹ ਝਾੜ 27-32 ਕੁਇੰਟਲ ਪ੍ਰਤੀ ਏਕੜ ਰਿਹਾ ਸੀ। ਇਸ ਵਾਰ ਝੋਨੇ ਦੀ ਸਰਕਾਰੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਤੱਕ ਮੰਡੀਆਂ ਵਿੱਚ 18.3 ਲੱਖ ਟਨ ਝੋਨਾ ਹੀ ਆਇਆ ਹੈ। ਰਾਜਪੁਰਾ ਮੰਡੀ ਦੇ ਆੜ੍ਹਤੀ ਮਹਿੰਦਰ ਕ੍ਰਿਸ਼ਨ ਅਰੋੜਾ ਨੇ ਦੱਸਿਆ ਕਿ ਕਿਸਾਨ ਇਸ ਸਾਲ 22-23 ਕੁਇੰਟਲ ਝਾੜ ਦੱਸ ਰਹੇ ਹਨ, ਜੋ ਪਿਛਲੇ ਸਾਲ 27-30 ਕੁਇੰਟਲ ਪ੍ਰਤੀ ਏਕੜ ਸੀ।

Advertisement

ਪੰਜਾਬ ਸਰਕਾਰ ਨੇ ਇਸ ਸਾਲ 175 ਲੱਖ ਟਨ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਹੈ। ਮੌਜੂਦਾ ਹਾਲਾਤ ਅਨੁਸਾਰ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਦੇ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਝਾੜ ਘਟਣ ਕਾਰਨ ਪ੍ਰਤੀ ਏਕੜ ਕਰੀਬ 10 ਹਜ਼ਾਰ ਰੁਪਏ ਦਾ ਵਿੱਤੀ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਖੰਨਾ ਦੇ ਪਿੰਡ ਇਕੋਲਾਹਾ ਦੇ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 31 ਕੁਇੰਟਲ ਪ੍ਰਤੀ ਏਕੜ ਦੇ ਝਾੜ ਦੇ ਮੁਕਾਬਲੇ ਇਸ ਸਾਲ ਝਾੜ ਸਿਰਫ਼ 25 ਕੁਇੰਟਲ ਹੀ ਨਿਕਲਿਆ ਹੈ। ਇਸ ਕਾਰਨ ਐਤਕੀਂ ਲਾਗਤ ਖ਼ਰਚੇ ਪੂਰੇ ਕਰਨੇ ਮੁਸ਼ਕਲ ਹੋ ਜਾਣੇ ਹਨ।

ਆੜ੍ਹਤੀਏ ਆਖ ਰਹੇ ਹਨ ਕਿ ਸਮੁੱਚੇ ਪੰਜਾਬ ’ਚ ਝੋਨੇ ਦਾ ਝਾੜ ਘਟਣ ਕਾਰਨ ਪੇਂਡੂ ਅਰਥਚਾਰਾ ਕਰਜ਼ੇ ਵਿੱਚ ਹੋਰ ਧਸ ਜਾਵੇਗਾ। ਇਸ ਕਾਰਨ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਵੱਡੀ ਸੱਟ ਵੱਜੇਗੀ। ਖ਼ਰੀਦ ਏਜੰਸੀਆਂ ਦੇ ਅਧਿਕਾਰੀ ਆਖ ਰਹੇ ਹਨ ਕਿ ਮੰਡੀਆਂ ’ਚ, ਜੋ ਫ਼ਸਲ ਆ ਰਹੀ ਹੈ, ਉਸ ’ਚ ਨਮੀ ਨਿਰਧਾਰਤ 17 ਫ਼ੀਸਦੀ ਦੇ ਮੁਕਾਬਲੇ 20 ਫ਼ੀਸਦੀ ਤੱਕ ਹੈ ਤੇ ਅਨਾਜ ਦੀ ਗੁਣਵੱਤਾ ਵੀ ਮਾੜੀ ਹੈ। ਬਹੁਤੇ ਖ਼ਰੀਦ ਕੇਂਦਰਾਂ ’ਚ ਕਿਸਾਨ ਝੋਨੇ ਦੀ ਫ਼ਸਲ ਨੂੰ ਸੁਕਾਉਣ ਲਈ ਜੁਟੇ ਹੋਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ 30 ਸਤੰਬਰ ਨੂੰ ਮੀਟਿੰਗ ਕੀਤੀ ਸੀ ਤਾਂ ਉਨ੍ਹਾਂ ਮੰਗ ਕੀਤੀ ਸੀ ਕਿ ਪੰਜਾਬ ’ਚ ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਖ਼ਰੀਦ ਦੇ ਮਾਪਦੰਡਾਂ ’ਚ ਢਿੱਲ ਦਿੱਤੀ ਜਾਵੇ। ਪੰਜਾਬ ਦੇ ਮਾਝਾ ਖੇਤਰ ’ਚ ਝਾੜ ਕਰੀਬ 5 ਫ਼ੀਸਦੀ ਤੱਕ ਘੱਟ ਨਿਕਲੇਗਾ। ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਫ਼ਸਲ ਦੀ ਗੁਣਵੱਤਾ ਦੇਖਣ ਲਈ ਮੰਗਲਵਾਰ ਅਤੇ ਬੁੱਧਵਾਰ ਨੂੰ ਮੰਡੀਆਂ ਦਾ ਦੌਰਾ ਕਰ ਸਕਦੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਐਤਕੀਂ ਸੂਬੇ ’ਚ ਝੋਨੇ ਦਾ ਔਸਤ ਝਾੜ 26.85 ਪ੍ਰਤੀ ਕੁਇੰਟਲ ਹੈ, ਜਦੋਂਕਿ ਪਿਛਲੇ ਸਾਲ ਇਹ 27.50 ਕੁਇੰਟਲ ਪ੍ਰਤੀ ਏਕੜ ਸੀ।

ਮੀਂਹ ਕਾਰਨ ਫ਼ਸਲ ਪ੍ਰਭਾਵਿਤ ਹੋਈ: ਖੁੱਡੀਆਂ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ’ਚ ਹੜ੍ਹ ਤੇ ਮੀਂਹ ਕਾਰਨ ਝੋਨੇ ਦੇ ਝਾੜ ’ਤੇ ਵੀ ਅਸਰ ਪਵੇਗਾ। ਕਿਸੇ ਖ਼ਿੱਤੇ ’ਚ ਝੋਨੇ ਦਾ ਝਾੜ ਘਟਿਆ ਹੈ ਅਤੇ ਕਿਤੇ ਵਧਿਆ ਵੀ ਹੈ। ਹਾਲੇ ਮੰਡੀਆਂ ’ਚ ਫ਼ਸਲ ਘੱਟ ਆਈ ਹੈ ਅਤੇ ਫ਼ਸਲ ਦੀ ਕਟਾਈ ਜਦੋਂ ਸਿਖ਼ਰ ਵੱਲ ਹੋਵੇਗੀ, ਉਸ ਸਮੇਂ ਝਾੜ ਦੀ ਅਸਲ ਹਕੀਕਤ ਸਾਹਮਣੇ ਆਵੇਗੀ।

Advertisement
×