ਮੁੱਖ ਮੰਤਰੀ ਦੀ ਆਮਦ ਕਾਰਨ ਕਿਸਾਨ ਘਰਾਂ ’ਚ ਨਜ਼ਰਬੰਦ
ਇਥੇ ਨਜ਼ਦੀਕੀ ਰਿਜ਼ੋਰਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਕਾਰਨ ਪੁਲੀਸ ਨੇ ਕੁਝ ਕਿਸਾਨ ਆਗੂ ਅੱਜ ਘਰਾਂ ਵਿੱਚ ਹੀ ਨਜ਼ਰਬੰਦ ਰੱਖੇ। ਮੁੱਖ ਮੰਤਰੀ ਨੇ ਇਥੇ ਰਿਜ਼ੋਰਟ ਵਿੱਚ ਇਕੱਠ ਨੂੰ ਸੰਬੋਧਨ ਕਰਨਾ ਸੀ ਤੇ ਦੂਜੇ ਪਾਸੇ ਇਸ ਇਲਾਕੇ ’ਚ ਲੈਂਡ ਪੂਲਿੰਗ ਨੀਤੀ ਦਾ ਵੱਡੇ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਕੁਝ ਕਿਸਾਨ ਆਗੂਆਂ ਨੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਕੌਮੀ ਇਨਸਾਫ਼ ਮੋਰਚੇ ਵਿੱਚ ਵੀ ਪਹੁੰਚਣਾ ਸੀ। ਸੰਯੁਕਤ ਕਿਸਾਨ ਮੋਰਚੇ ਦੀ ਲੈਂਡ ਪੂਲਿੰਗ ਨੀਤੀ ਮੁੱਦੇ ’ਤੇ ਇਕੱਤਰਤਾ ਵੀ ਅੱਜ ਕੀਤੀ ਜਾਣੀ ਸੀ। ਪੁਲੀਸ ਪ੍ਰਸ਼ਾਸਨ ਨੂੰ ਖਦਸ਼ਾ ਸੀ ਕਿ ਕਿਸਾਨ ਆਗੂ ਕਿਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਪਹੁੰਚ ਕੇ ਖਲਲ ਨਾ ਪਾ ਦੇਣ। ਇਸੇ ਲਈ ਪੁਲੀਸ ਨੇ ਕੁਝ ਕਿਸਾਨ ਆਗੂ ਜਾਂ ਤਾਂ ਹਿਰਾਸਤ ਵਿੱਚ ਲੈ ਲਏ ਜਾਂ ਘਰਾਂ ਵਿੱਚ ਨਜ਼ਰਬੰਦ ਰੱਖੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਦੇ ਸੂਬਾਈ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੂੰ ਪੁਲੀਸ ਨੇ ਕਾਫੀ ਦੇਰ ਤੱਕ ਸੜਕ ’ਤੇ ਹੀ ਰੋਕੀ ਰੱਖਿਆ। ਇਸੇ ਤਰ੍ਹਾਂ ਪਿੰਡ ਭਨੋਹੜ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਸਣੇ ਕਈ ਹੋਰ ਆਗੂ ਪੁਲੀਸ ਨੇ ਘਰ ’ਚ ਨਜ਼ਰਬੰਦ ਰੱਖੇ। ਵੇਰਵਿਆਂ ਮੁਤਾਬਕ ਪੁਲੀਸ ਜਗਰੂਪ ਸਿੰਘ ਹਸਨਪੁਰ, ਗਗਨਦੀਪ ਸਿੰਘ ਪਮਾਲੀ ਤੇ ਕੁਝ ਹੋਰ ਕਿਸਾਨ ਆਗੂਆਂ ਦੇ ਘਰ ਵੀ ਪਹੁੰਚੀ ਪਰ ਇਹ ਸਾਰੇ ਪੁਲੀਸ ਨੂੰ ਝਕਾਨੀ ਦੇਣ ਵਿੱਚ ਸਫ਼ਲ ਰਹੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਧਾਲੀਵਾਲ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ ਨੇ ਪੁਲੀਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੁੱਖ ਮੰਤਰੀ ਦੇ ਸਮਾਗਮ ਵਿੱਚ ਖਲਲ ਪਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਕਿਸਾਨ ਨੁਮਾਇੰਦੇ ਤਾਂ ਜਥੇਬੰਦੀਆਂ ਦੇ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਸਨ। ਅਜਿਹੇ ਵਿੱਚ ਪੁਲੀਸ ਪ੍ਰਸ਼ਾਸਨ ਬਿਨਾਂ ਮਤਲਬ ਤੋਂ ਘਬਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫੜੋ-ਫੜੀ ਨਿੰਦਣਯੋਗ ਹੈ। ਪੁਲੀਸ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਤੇ ਹੋਰ ਸਰਕਾਰੀ ਪ੍ਰੋਗਰਾਮਾਂ ਵਿੱਚ ਆਪਣੇ ਬੰਦੋਬਸਤ ਹੀ ਪੁਖਤਾ ਕਰਨੇ ਚਾਹੀਦੇ ਹਨ ਤੇ ਕਿਸਾਨਾਂ ਦੀ ਫੜੋ-ਫੜੀ ’ਤੇ ਜ਼ੋਰ ਦੇਣ ਦੀ ਥਾਂ ਸਰਕਾਰੀ ਪ੍ਰੋਗਰਾਮ ਲਈ ਜ਼ੋਰ ਲਾਉਣਾ ਚਾਹੀਦਾ ਹੈ।