ਕਿਸਾਨਾਂ ਵੱਲੋਂ ਈ ਓ ਦੀ ਸਰਕਾਰੀ ਕੋਠੀ ਦਾ ਘਿਰਾਓ
ਅੰਦਰ ਸ਼ੰਭੂ ਮੋਰਚੇ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਸਾਮਾਨ ਦੱਬੇ ਹੋਣ ਦਾ ਸ਼ੱਕ
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਨਾਭਾ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ (ਈ ਓ) ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕੀਤਾ। ਜਾਣਕਾਰੀ ਅਨੁਸਾਰ ਜਥੇਬੰਦੀ ਨੂੰ ਸੂਚਨਾ ਮਿਲੀ ਸੀ ਕਿ ਕੋਠੀ ਅੰਦਰ ਸ਼ੰਭੂ ਮੋਰਚੇ ਤੋਂ ਚੋਰੀ ਹੋਈਆਂ ਕਿਸਾਨਾਂ ਦੀਆਂ ਟਰਾਲੀਆਂ ਦਾ ਸਾਮਾਨ ਹੈ। ਹਾਲਾਂਕਿ ਇੱਕ ਵਾਰੀ ਬਰਾਮਦਗੀ ਲਈ ਸੀ ਆਈ ਏ ਸਟਾਫ ਪਟਿਆਲਾ ਤੋਂ ਮੁਲਾਜ਼ਮ ਆਏ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਰਾਮਦਗੀ ਈ ਓ ਦੀ ਕੋਠੀ ’ਚੋਂ ਕਰਾਉਣੀ ਹੈ ਤਾਂ ਉਹ ਮੁੜ ਕੇ ਦਿਖਾਈ ਨਾ ਦਿੱਤੇ। ਫ਼ਿਲਹਾਲ ਕਿਸਾਨ ਕੋਠੀ ਦੇ ਬਾਹਰ ਰਾਤ ਨੂੰ ਵੀ ਪਹਿਰਾ ਦੇ ਰਹੇ ਹਨ। ਕਿਸਾਨ ਆਗੂ ਗਮਦੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਪੱਕੀ ਸੂਹ ਮੁਤਾਬਕ ਸਾਮਾਨ ਈਓ ਦੀ ਕੋਠੀ ਦੇ ਵਿੱਚ ਦਰੱਖਤ ਕੋਲ ਜ਼ਮੀਨ ’ਚ ਦੱਬਿਆ ਹੋਇਆ ਹੈ। ਉਨ੍ਹਾਂ ਨੇ ਸੀ ਆਈ ਏ ਸਟਾਫ ਦੇ ਮੁਲਾਜ਼ਮਾਂ ਦੇ ਮੁੜਨ ’ਤੇ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ। ਚਮਕੌਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀ ਤਸੱਲੀ ਨਹੀਂ ਕਰਵਾਉਂਦਾ, ਉਹ ਇੱਥੇ ਪਹਿਰੇ ’ਤੇ ਰਹਿਣਗੇ। ਇਸ ਮੌਕੇ ਸੀ ਆਈ ਏ ਸਟਾਫ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਪੁਟਾਈ ਕਰਨ ਦੇ ਨਿਰਦੇਸ਼ ਹਨ। ਡਿਊਟੀ ਮੈਜਿਸਟਰੇਟ ਦੇ ਆਉਣ ਬਾਬਤ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਨਾਭਾ ਦੇ ਈ ਓ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਨਾਭੇ ਦੇ ਨਾਲ ਹੀ ਹੋਣ ਕਰ ਕੇ ਉਹ ਖ਼ੁਦ ਇਸ ਕੋਠੀ ਵਿੱਚ ਨਹੀਂ ਰਹਿ ਰਹੇ ਸਨ। ਇੱਥੇ ਸ਼ਾਮ ਨੂੰ ਨਗਰ ਕੌਂਸਲ ਦੀ ਮਸ਼ੀਨਰੀ ਖੜ੍ਹਾਈ ਜਾਂਦੀ ਹੈ। ਨਗਰ ਕੌਂਸਲ ਮੁਲਾਜ਼ਮ ਤੇ ਕੁਝ ਕੌਂਸਲਰਾਂ ਨੇ ਕਿਹਾ ਕਿ ਈ ਓ ਦੀ ਕੋਠੀ ਵਿੱਚ ਪੰਕਜ ਪੱਪੂ ਨੇ ਆਪਣਾ ਵੱਖਰਾ ਦਫ਼ਤਰ ਬਣਾਇਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਸੀ ਤੇ ਕਿਸਾਨ ਧਰਨੇ ’ਤੇ ਡਟੇ ਹੋਏ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖ਼ਿਲਾਫ਼ ਸ਼ੰਭੂ ਤੋਂ ਟਰਾਲੀਆਂ ਚੋਰੀ ਦੇ ਦੋਸ਼ ਹੇਠ ਦੋ ਕੇਸ ਦਰਜ ਹਨ। ਦੋ ਮਹੀਨੇ ਪਹਿਲਾਂ ਕਿਸਾਨਾਂ ਦੇ ਧਰਨੇ ਮਗਰੋਂ ਸਰਕਾਰ ਨੇ ਚੋਰੀ ਦੇ ਕੇਸ ਦੀ ਪੜਤਾਲ ਸੀ ਆਈ ਏ ਪਟਿਆਲਾ ਨੂੰ ਭੇਜ ਦਿੱਤੀ ਸੀ। ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਕਿ ਸੀ ਆਈ ਏ ਸਟਾਫ ਨੇ ਵੀ ਪੜਤਾਲ ਅੱਗੇ ਨਹੀਂ ਵਧਾਈ ਪਰ ਉਨ੍ਹਾਂ ਆਪਣੇ ਪੱਧਰ ’ਤੇ ਪੜਤਾਲ ਜਾਰੀ ਰੱਖੀ ਹੋਈ ਹੈ।

