ਫਿਜ਼ੀ ਵਾਇਰਸ ਕਾਰਨ ਝੋਨਾ ਵਾਹੁਣ ਲੱਗੇ ਕਿਸਾਨ
ਝੋਨੇ ਦੀ ਫ਼ਸਲ ’ਤੇ ਫਿਜ਼ੀ ਵਾਇਰਸ ਦਾ ਕਹਿਰ ਜਾਰੀ ਹੈ, ਭਾਵੇਂ ਕਿ ਇਹ ਕਾਫ਼ੀ ਪਹਿਲਾਂ ਖੇਤਾਂ ਵਿਚ ਆ ਗਿਆ ਸੀ ਪਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਖੇਤੀ ਵਿਭਾਗ ਚੌਕਸ ਨਹੀਂ ਹੋਇਆ। ਹੁਣ ਜਦੋਂ ਵੱਡੇ ਪੱਧਰ ’ਤੇ ਕਿਸਾਨ ਝੋਨੇ ਨੂੰ ਵਾਹੁਣ ਲੱਗ ਪਏ ਹਨ ਤਾਂ ਵਿਭਾਗ ਦੀ ਅੱਖ ਖੁੱਲ੍ਹੀ ਹੈ। ਖੇਤੀ ਵਿਭਾਗ ਦੀਆਂ ਟੀਮਾਂ ਹੁਣ ਵੱਖ-ਵੱਖ ਪਿੰਡਾਂ ਦੇ ਦੌਰੇ ਕਰਕੇ ਕਿਸਾਨਾਂ ਨੂੰ ਝੋਨਾ ਵਾਹੁਣ ਤੋਂ ਰੋਕ ਰਹੀਆਂ ਹਨ। ਜਾਣਕਾਰੀ ਅਨੁਸਾਰ ਰੋਪੜ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਮਾਲਵੇ ਵੱਲ ਨੂੰ ਵੱਧ ਰਹੇ ਇਸ ਵਾਇਰਸ ਨੇ ਪਟਿਆਲਾ ਜ਼ਿਲ੍ਹੇ ਵਿੱਚ 1500 ਏਕੜ ਦੇ ਕਰੀਬ ਝੋਨੇ ਨੂੰ ਆਪਣੀ ਮਾਰ ਹੇਠ ਲੈ ਲਿਆ ਹੈ। ਬਠੋਈ ਕਲਾਂ ਦੇ ਰਣਦੀਪ ਸਿੰਘ ਨੇ 10 ਏਕੜ, ਗੁਰਵਿੰਦਰ ਸਿੰਘ ਨੇ ਵੀ 10 ਏਕੜ ਜਦਕਿ ਹਰਜੀਤ ਸਿੰਘ ਨੇ ਚਾਰ ਏਕੜ ਵਾਹੇ ਹਨ। ਡਕਾਲਾ ਨਨਾਨਸੂੰ, ਚੂਹੜਪੁਰ ਤੋਂ ਇਲਾਵਾ ਇੱਥੇ ਕੌਲੀ ਕੋਲ ਸੰਜਰਪੁਰ, ਮੁਹੱਬਤਪੁਰ ਆਦਿ ਕਈ ਪਿੰਡਾਂ ਵਿਚ ਵੀ ਇਸ ਵਾਇਰਸ ਨੇ ਹਮਲਾ ਕੀਤਾ ਹੈ। ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਝੋਨਾ ਮਧਰਾ ਹੋ ਰਿਹਾ ਹੈ, ਉਸ ਦਾ ਵਾਧਾ ਰੁਕ ਗਿਆ ਹੈ, ਜਿਸ ਕਰਕੇ ਸਾਡੇ ਕੋਲ ਇਸ ਨੂੰ ਵਾਹੁਣ ਤੋਂ ਬਿਨਾਂ ਹੋਰ ਚਾਰਾ ਨਹੀਂ ਸੀ। ਹੁਣ ਸਾਡੇ ਕੋਲ ਅਗਲਾ ਸੰਕਟ ਝੋਨੇ ਦੀ ਪਨੀਰੀ ਦਾ ਆ ਗਿਆ ਹੈ ਜਿਸ ਕਰਕੇ ਹੁਣ ਦੁਬਾਰਾ ਝੋਨਾ ਲਾਉਣਾ ਵੀ ਮੁਸ਼ਕਲ ਹੈ। ਪਟਿਆਲਾ ਦੇ ਮੁੱਖ ਖੇਤੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਸਟਾਫ਼ ਪਹਿਲਾਂ ਤੋਂ ਹੀ ਇਸ ਬਾਰੇ ਕਿਸਾਨਾਂ ਨੂੰ ਚੌਕਸ ਕਰ ਰਿਹਾ ਹੈ, ਪਰ ਹੁਣ ਕਿਸਾਨ ਆਪ ਮੁਹਾਰੇ ਹੀ ਝੋਨਾ ਵਾਹੁਣ ਲੱਗੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਖੇਤੀ ਅਧਿਕਾਰੀ ਏ ਓ ਅਮਨਿੰਦਰ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਕਿਸਾਨ ਝੋਨਾ ਨਾ ਵਾਹੇ ਸਗੋਂ ਝੋਨੇ ਦੇ ਖੇਤ ਨੂੰ ਪਾਣੀ ਦੇਣ ਤੋਂ ਟਾਲ਼ਾ ਵੱਟੇ, ਝੋਨੇ ਦੇ ਖੇਤ ਨੂੰ ਸੁਕਾ ਕੇ ਫੇਰ ਹੀ ਪਾਣੀ ਪਾਇਆ ਜਾਵੇ, ਇਹ ਵਾਇਰਸ ਚਿੱਠੀ ਪਿੱਠ ਵਾਲੇ ਟਿੱਡੇ ਕਾਰਨ ਫੈਲਦਾ ਹੈ। ਇਸ ਨੂੰ ਮਾਰਨ ਲਈ ਦਵਾਈ ਡੀਨੋਟੀਫਿਰੌਨ ਤੇ ਅਮਿਡਾਕਲੋਰੋਪਿਡ 80 ਤੋਂ 100 ਗਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਪਾ ਕੇ ਸਪਰੇਅ ਕੀਤਾ ਜਾਵੇ।