ਕਿਸਾਨਾਂ ਨੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ ਦੀ ਤਿਆਰੀ ਵਿੱਢੀ
ਜਸਬੀਰ ਸਿੰਘ ਸ਼ੇਤਰਾ/ਗੁਰਿੰਦਰ ਸਿੰਘ
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਐਲਾਨੇ ਟਰੈਕਟਰ ਮਾਰਚ ਦੀ ਤਿਆਰੀ ਸਬੰਧੀ ਕਿਸਾਨ ਜਥੇਬੰਦੀਆਂ ਦੀ ਅੱਜ ਇੱਥੇ ਮੀਟਿੰਗ ਹੋਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੋਣ ਵਾਲੇ ਟਰੈਕਟਰ ਮਾਰਚ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਮਾਰਚ ਇਤਿਹਾਸਕ ਹੋਵੇਗਾ। ਇਸ ਮਾਰਚ ਦੌਰਾਨ ਲੰਗਰ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਇਕਾਈਆਂ ਨੂੰ ਪੀੜਤ ਕਿਸਾਨਾਂ ਦੇ ਹੱਕ ਵਿੱਚ ਸੜਕਾਂ ’ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ 8 ਅਗਸਤ ਨੂੰ ਜਨਤਕ ਜਥੇਬੰਦੀਆਂ ਦੀ ਅਪਰੇਸ਼ਨ ਕਗਾਰ ਰਾਹੀਂ ਕੇਂਦਰ ਸਰਕਾਰ ਵੱਲੋਂ ਆਦਿਵਾਸੀਆਂ/ਮਾਓਵਾਦੀਆਂ ’ਤੇ ਢਾਹੇ ਜਾ ਰਹੇ ਜਬਰ ਖ਼ਿਲਾਫ਼ ਮੋਗਾ ਰੈਲੀ ਅਤੇ 12 ਅਗਸਤ ਦੀ ਮਹਿਲ ਕਲਾਂ ਕਿਰਨਜੀਤ ਯਾਦਗਾਰੀ ਕਮੇਟੀ ਦੇ ਔਰਤ ਮੁਕਤੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ।
ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਮੀਟਿੰਗ ਦੌਰਾਨ ਅੰਗਰੇਜ਼ ਸਿੰਘ ਮੁਹਾਲੀ ਨੇ ਲੈਂਡ ਪੂਲਿੰਗ ਨੀਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਈ ਨੀਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਜਾਊ ਜ਼ਮੀਨਾਂ ਖੋਹਣ ਵਾਲੀ ਯੋਜਨਾ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਮੋਦੀ ਹਕੂਮਤ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਮਜਬੂਰ ਕੀਤਾ ਸੀ ਉਸੇ ਤਰ੍ਹਾਂ ਭਗਵੰਤ ਮਾਨ ਸਰਕਾਰ ਨੂੰ ਵੀ ਮਜਬੂਰ ਕੀਤਾ ਜਾਵੇਗਾ। ਇਸ ਨੂੰ ਉਜਾੜਾ ਯੋਜਨਾ ਦੱਸਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਛੇਤੀ ਪੰਜਾਬ ਸਰਕਾਰ ਇਹ ਨੀਤੀ ਵਾਪਸ ਲੈ ਲਏ ਓਨਾ ਚੰਗਾ ਹੋਵੇਗਾ। ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਇਕੱਲੇ ਬਲਾਕ ਜਗਰਾਉਂ ਵਿੱਚੋਂ ਹੀ 125 ਟਰੈਕਟਰ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਇਹ ਟਰੈਕਟਰ ਮਲਕ, ਅਲੀਗੜ੍ਹ, ਪੋਨਾ ਤੇ ਅਗਵਾੜ ਗੁੱਜਰਾਂ ਪਿੰਡਾਂ ਤੋਂ ਰਵਾਨਾ ਹੋਣਗੇ ਜਿਨ੍ਹਾਂ ਦੀ ਪੰਜ ਸੌ ਏਕੜ ਜ਼ਮੀਨ ਇਸ ਨੀਤੀ ਦੀ ਮਾਰ ਹੇਠ ਹੈ। ਸੂਬਾਈ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਰਚ ਦੇ ਰੂਟਾਂ ‘ਤੇ ਕਿਸਾਨਾਂ ਦਾ ਸਵਾਗਤ ਨਾਅਰਿਆਂ ਦੀ ਗੂੰਜ ਵਿੱਚ ਕੀਤਾ ਜਾਵੇ।