ਜਗਜੀਤ ਸਿੰਘ
ਖੰਡ ਮਿੱਲਾਂ ਚਲਾਉਣ ਵਿੱਚ ਦੇਰੀ ਅਤੇ ਬਕਾਏ ਦੀ ਅਦਾਇਗੀ ਨਾ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ (ਗੈ਼ਰ ਰਾਜਨੀਤਿਕ) ਨੇ ਅੱਜ ਇੱਥੋਂ ਦੀ ਇੰਡੀਅਨ ਸ਼ੁਕਰੋਜ਼ ਮਿੱਲ ਮੂਹਰੇ ਪੱਕਾ ਧਰਨਾ ਲਗਾ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇ ਅੱਜ ਸਰਕਾਰ ਤੇ ਖੰਡ ਮਿੱਲ ਮਾਲਕਾਂ ਵਿਚਾਲੇ ਚੱਲ ਰਹੀ ਮੀਟਿੰਗ ’ਚ ਮਿੱਲਾਂ ਚਲਾਉਣ ਬਾਰੇ ਐਲਾਨ ਨਾ ਕੀਤਾ ਗਿਆ ਤਾਂ ਭਲਕੇ ਸਵੇਰੇ 11 ਵਜੇ ਸੜਕ ਦੇ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ। ਖੰਡ ਮਿੱਲ ਮੂਹਰੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ, ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਨੇ ਕਿਹਾ ਕਿ ਸਰਕਾਰ ਤੇ ਖੰਡ ਮਿੱਲ ਮਾਲਕ ਮਿੱਲ ਕੇ ਕਿਸਾਨਾਂ ਨੂੰ ਮੂਰਖ ਬਣਾ ਰਹੇ ਹਨ। ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਸਬਸਿਡੀ ਵਾਲੀ ਕਰੋੜਾਂ ਰੁਪਏ ਦੀ ਰਾਸ਼ੀ ਅਦਾ ਨਹੀਂ ਕੀਤੀ ਜਾ ਰਹੀ। ਪਿਛਲੇ ਸਾਲਾਂ ਦੌਰਾਨ ਸਰਕਾਰ ਵਲੋਂ ਖੰਡ ਮਿੱਲਾਂ ਚਲਾਉਣ ਲਈ 5 ਤੋਂ 25 ਨਵੰਬਰ ਤੱਕ ਫੈਸਲਾ ਲਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਸਰਕਾਰ ਵਲੋਂ 24 ਨਵੰਬਰ ਦੀ ਮੀਟਿੰਗ ਵਿੱਚ 25 ਨਵੰਬਰ ਨੂੰ ਖੰਡ ਮਿੱਲਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਪਰ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ 26 ਨਵੰਬਰ ਸ਼ਾਮ ਵੇਲੇ ਨਸ਼ਰ ਕੀਤਾ ਗਿਆ। ਇਸ ਦੇ ਬਾਵਜੂਦ 27 ਨਵੰਬਰ ਤੱਕ ਖੰਡ ਮਿੱਲ ਨਹੀਂ ਚੱਲੀ ਅਤੇ ਕਿਸੇ ਮਾਲਕ ਨੇ ਖੰਡ ਮਿੱਲ ਚਲਾਉਣ ਦਾ ਐਲਾਨ ਵੀ ਨਹੀਂ ਕੀਤਾ। ਖੰਡ ਮਿੱਲਾਂ ਦੀ ਮਨਸ਼ਾ ਇੱਥੋਂ ਵੀ ਜੱਗ ਜਾਹਿਰ ਹੁੰਦੀ ਹੈ ਕਿ ਹਾਲੇ ਤੱਕ ਪੰਜਾਬ ਦੀ ਕਿਸੇ ਵੀ ਖੰਡ ਮਿੱਲ ਵੱਲੋਂ ਗੰਨਾ ਸਪਲਾਈ ਕਰਨ ਲਈ ਪਰਚੀ ਨਹੀਂ ਵੰਡੀ ਗਈ, ਜਿਸ ਖ਼ਿਲਾਫ਼ ਸੂਬੇ ਭਰ ਦੇ ਕਿਸਾਨਾਂ ਵਿੱਚ ਰੋਸ ਹੈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਮਿੱਲਾਂ ਚਲਾਉਣ ਅਤੇ ਪਰਚੀ ’ਤੇ ਇੱਕੋ ਸਮੇਂ ਕਾਊਂਟਰ ਪੇਮੈਂਟ ਦੇਣ ਦੀ ਗੱਲ ਨਾ ਮੰਨੀ ਤਾਂ ਭਲਕੇ ਅਣਮਿੱਥੇ ਸਮੇਂ ਲਈ ਲਗਾਇਆ ਇਹ ਧਰਨਾ ਕੌਮੀ ਮਾਰਗ ਦੇ ਵਿਚਕਾਰ ਲਗਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ। ਇਸ ਮੌਕੇ ਬੀਕੇਯੂ ਸਿੱਧੂਪੁਰ ਤੋਂ ਯੂਥ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਜੱਗੀ, ਬਾਬਾ ਕੁਲਵਿੰਦਰ ਸਿੰਘ, ਕਿਸਾਨ ਵੈਲਫੇਅਰ ਕਮੇਟੀ ਕਿਸ਼ਨਗੜ੍ਹ ਦੇ ਪ੍ਰਧਾਨ ਹਰਸ਼ਲਿੰਦਰ ਸਿੰਘ, ਬੀਕੇਯੂ ਸਿਰਸਾ ਤੋਂ ਹਰਦੇਵ ਸਿੰਘ ਚਿੱਟੀ, ਲੋਕ ਇਨਸਾਫ ਮੋਰਚਾ ਔਲਖ ਦੇ ਪ੍ਰਧਾਨ ਸੋਨੂ ਔਲਖ, ਗੰਨਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਡੱਫਰ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਦਲੀਪ ਸਿੰਘ, ਜਗਦੀਸ਼ ਸਿੰਘ ਰਾਜਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ, ਹਰਦੀਪ ਸਿੰਘ ਭਾਗੜਾਂ, ਸੁਖਦੇਵ ਸਿੰਘ ਚੀਮਾ, ਦਵਿੰਦਰ ਸਿੰਘ ਬਸਰਾ, ਸਤੀਸ਼ ਕੁਮਾਰ, ਕਿਸ਼ਨ ਕੁਮਾਰ, ਬਲਜੀਤ ਸਿੰਘ ਰੜਾ ਅਤੇ ਅਜੈਬ ਸਿੰਘ ਬੇਲਾ ਸਰਿਆਣਾ ਹਾਜ਼ਰ ਸਨ।

