ਪੰਜ ਏਕੜ ਮਾਲਕੀ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਬੀਜ
ਦੋ ਲੱਖ ਕੁਇੰਟਲ ਬੀਜ ਦਾ ਪ੍ਰਬੰਧ ਕਰਨ ’ਚ ਜੁਟੀ ਸਰਕਾਰ: ਖੁੱਡੀਆਂ
ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਹਾੜ੍ਹੀ ਸੀਜ਼ਨ ਲਈ ਦੋ ਲੱਖ ਕੁਇੰਟਲ ਕਣਕ ਦਾ ਬੀਜ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਬੀਜ 5 ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਹੀ ਦਿੱਤਾ ਜਾਵੇਗਾ। ਪੰਜਾਬ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 74 ਕਰੋੜ ਰੁਪਏ ਦੀ ਲਾਗਤ ਨਾਲ ਦੋ ਲੱਖ ਕੁਇੰਟਲ ਬੀਜ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਸਿਫ਼ਾਰਸ਼ ਕੀਤੇ ਗਏ ਕਣਕ ਦੇ ਬੀਜ ਪੀ.ਬੀ.ਡਬਲਿਊ 826, 869, ਪੀ.ਬੀ.ਡਬਲਿਊ. 824, ਪੀ.ਬੀ.ਡਬਲਿਊ 803, ਪੀ.ਬੀ.ਡਬਲਿਊ 766, ਪੀ.ਬੀ.ਡਬਲਿਊ 725, ਪੀ.ਬੀ.ਡਬਲਿਊ 677, ਪੀ.ਬੀ.ਡਬਲਿਊ 771, ਪੀ.ਬੀ.ਡਬਲਿਊ 757, ਪੀ.ਬੀ.ਡਬਲਿਊ 752, ਪੀ.ਬੀ.ਡਬਲਿਊ ਜ਼ਿੰਕ 2, ਪੀ.ਬੀ.ਡਬਲਿਊ 1 ਚਪਾਤੀ, ਪੀ.ਬੀ.ਡਬਲਿਊ 1 ਜੈਡ.ਐਨ, ਡੀ.ਬੀ.ਡਬਲਿਊ. 222, ਡੀ.ਬੀ.ਡਬਲਿਊ. 187, ਐਚਡੀ 3226, ਐਚਡੀ 3086, ਉਨਤ ਪੀਬੀਡਬਲਿਊ 343, ਉਨਤ ਪੀਬੀਡਬਲਿਊ 550 ਵੰਡੇ ਜਾਣਗੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਮੁਫਤ ਵੰਡ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਲਈ 50 ਫ਼ੀਸਦ ਸਬਸਿਡੀ ਭਾਵ 2,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 60,871 ਕੁਇੰਟਲ ਕਣਕ ਦਾ ਬੀਜ ਵੀ ਦਿੱਤਾ ਜਾਵੇਗਾ।