ਕਿਸਾਨਾਂ ਨੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ ਕੀਤਾ ਪਰਚੀ-ਮੁਕਤ
ਇੱਥੇ ਕੌਮੀ ਸ਼ਾਹਰਾਹ ਨੰਬਰ 54 (ਅੰਮ੍ਰਿਤਸਰ-ਬਠਿੰਡਾ ਸੈਕਸ਼ਨ) ’ਤੇ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਸਵੇਰੇ 10 ਵਜੇ ਤੋਂ ਕੋਟ ਕਰੋੜ ਕਲਾਂ ਟੌਲ ਪਲਾਜ਼ਾ ਅਣਮਿੱਥੇ ਸਮੇਂ ਲਈ ਪਰਚੀ-ਮੁਕਤ ਕਰ ਦਿੱਤਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਨੇ ਦੋਸ਼ ਲਾਇਆ ਕਿ ਮਖੂ ਤੋਂ ਫ਼ਰੀਦਕੋਟ ਤੱਕ ਇਸ ਕੌਮੀ ਮਾਰਗ ਅਤੇ ਟੌਲ ਪਲਾਜ਼ਾ ’ਤੇ ਰਾਹਗੀਰਾਂ ਨੂੰ ਪੂਰੀ ਟੌਲ ਫ਼ੀਸ ਤਾਰਨ ਦੇ ਬਾਵਜੂਦ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਮਖੂ ਰੇਲਵੇ ਫਾਟਕਾਂ ’ਤੇ ਫਲਾਈਓਵਰ ਨਾ ਹੋਣ ਕਾਰਨ ਘੰਟਿਆਂਬੱਧੀ ਜਾਮ ਲੱਗਿਆ ਰਹਿੰਦਾ ਹੈ। ਮਖੂ ਸੇਮ-ਨਾਲੇ ਦਾ ਪੁਲ ਬੇਹੱਦ ਖਸਤਾ ਹਾਲ ’ਚ ਹੈ। ਮਖੂ ਤੋਂ ਵਨ-ਵੇਅ ਰੋਡ ਦੀ ਸ਼ੁਰੂਆਤ ਅਤੇ ਅੱਗੇ ਕੋਟ ਕਰੋੜ ਕਲਾਂ ਤੋਂ ਮੁੱਦਕੀ ਦੇ ਰਾਧਾਸੁਆਮੀ ਸਤਿਸੰਗ ਘਰ ਤੱਕ ਸੜਕਾਂ ਦਾ ਬੁਰਾ ਹਾਲ ਹੈ। ਸੜਕ ’ਤੇ ਲੱਗੀਆਂ ਸਟਰੀਟ ਲਾਈਟਾਂ ਬੰਦ ਹਨ। ਸੀਸੀਟੀਵੀ ਨਾ ਚੱਲਣ ਕਾਰਨ ਹਾਦਸਿਆਂ ਦੀ ਫੁਟੇਜ ਨਹੀਂ ਮਿਲਦੀ ਤੇ ਐਂਬੂਲੈਂਸ ਦਾ ਪੁਖ਼ਤਾ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਇਨ੍ਹਾਂ ਸਾਰੇ ਮਸਲਿਆਂ ਸਬੰਧੀ ਸਬੰਧਤ ਵਿਭਾਗ ਨੂੰ ਲਿਖਤੀ ਅਤੇ ਨਿੱਜੀ ਤੌਰ ’ਤੇ ਜਾਣੂ ਕਰਵਾ ਚੁੱਕੀ ਹੈ, ਪਰ ਸੁਣਵਾਈ ਨਾ ਹੋਣ ’ਤੇ ਇਹ ਧਰਨਾ ਅਧਿਕਾਰੀਆਂ ਨੂੰ ਅਗਾਊਂ ਸੂਚਨਾ ਦੇ ਕੇ ਲਗਾਇਆ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਭੁਪਿੰਦਰ ਸਿੰਘ ਔਲਖ, ਪ੍ਰੈੱਸ ਸਕੱਤਰ ਗੈਰੀ ਬੰਡਾਲਾ, ਕੋਰ ਕਮੇਟੀ ਮੈਂਬਰ ਜਸਵੀਰ ਸਿੰਘ ਸੰਧੂ, ਸੂਬਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਮੂਵਾਲਾ, ਪ੍ਰਧਾਨ ਰਾਜਵੀਰ ਸਿੰਘ ਗਿੱਲ ਸੰਧਵਾਂ, ਪਿੰਡ ਠੇਠਰ ਖ਼ੁਰਦ ਦੇ ਸਰਪੰਚ ਤੇ ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਸਿਮਰਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਐੱਨਐੱਚਏਆਈ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਕਈ ਮਸਲਿਆਂ ਦਾ ਹੱਲ ਕੀਤਾ: ਅਧਿਕਾਰੀ
ਐੱਨਐੱਚਏਆਈ ਦੇ ਏਐੱਚਐੱਮਈ ਆਸ਼ੂ ਨੇ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਚੁੱਕੇ ਮਸਲਿਆਂ ਵਿੱਚੋਂ ਕੁਝ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਬਾਕੀ ਮਾਮਲੇ ਵੀ ਜਲਦੀ ਹੀ ਨਿਪਟਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੂੰ ਭਰੋਸੇ ਵਿੱਚ ਲੈ ਕੇ ਧਰਨਾ ਸਮਾਪਤ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।