ਕਿਸਾਨਾਂ ਨੇ ਪਰਚੀ ਮੁਕਤ ਕੀਤਾ ਚੌਕੀਮਾਨ ਟੌਲ ਪਲਾਜ਼ਾ
ਇੱਥੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ 95 ’ਤੇ ਸਥਿਤ ਨਜ਼ਦੀਕੀ ਚੌਕੀਮਾਨ ਟੌਲ ਨੂੰ ਅੱਜ ਮੁੜ ਕਿਸਾਨਾਂ ਨੇ ਰੌਲੇ ਮਗਰੋਂ ਪਰਚੀ ਮੁਕਤ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਕਈ ਘੰਟੇ ਤਕ ਟੌਲ ’ਤੇ ਹੰਗਾਮਾ ਹੁੰਦਾ ਰਿਹਾ। ਟੌਲ ਦੇ ਪ੍ਰਬੰਧਕਾਂ ਤੇ ਪੁਲੀਸ ਨੇ ਵੀ ਝਗੜਾ ਨਿਬੇੜਨ ਦੇ ਕਾਫੀ ਯਤਨ ਕੀਤੇ, ਇਸ ਦੇ ਬਾਵਜੂਦ ਕਿਸਾਨ ਡਟੇ ਰਹੇ ਅਤੇ ਦੋ ਘੰਟੇ ਲਈ ਟੌਲ ਤੋਂ ਕੋਈ ਪਰਚੀ ਨਹੀਂ ਕੱਟਣ ਦਿੱਤੀ। ਇਨ੍ਹਾਂ ਦੋ ਘੰਟਿਆਂ ਦੌਰਾਨ ਸਾਰੇ ਵਾਹਨ ਬਿਨਾਂ ਪਰਚੀ ਤੋਂ ਲੰਘਾਏ ਗਏ। ਇਸ ਮੌਕੇ ਕਿਸਾਨਾਂ ਨੇ ਸਰਵਿਸ ਲੇਨ ਬਣਾਉਣ, ਪਾਣੀ ਦੀ ਨਿਕਾਸੀ ਤੇ ਹੋਰ ਸ਼ਰਤਾਂ ਪੂਰੀਆਂ ਕਰਨ ਲਈ ਟੌਲ ਪ੍ਰਬੰਧਕਾਂ ਨੂੰ ਹਫ਼ਤੇ ਦਾ ਅਲਟੀਮੇਟਮ ਦਿੱਤਾ। ਹਫ਼ਤੇ ਵਿੱਚ ਮੰਗਾਂ ਪੂਰੀਆਂ ਨਾ ਹੋਣ ’ਤੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਰਾਜਸੀ ਲੋਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਲਾਂਪੁਰ ਦਾਖਾ ਸਣੇ ਹੋਰਨਾਂ ਪੁਲਾਂ ਦੇ ਪਾਸਿਆਂ ’ਤੇ ਬਣੀਆਂ ਸਰਵਿਸ ਲੇਨਾਂ ਦੀ ਹਾਲਤ ਬੇਹੱਦ ਖਸਤਾ ਹੈ। ਮੁੱਲਾਂਪੁਰ ਦਾਖਾ ਵਿੱਚ ਪਾਣੀ ਜ਼ਿਆਦਾ ਭਰ ਜਾਣ ਕਰਕੇ ਹਾਦਸੇ ਵੀ ਵਾਪਰੇ ਹਨ। ਜਥੇਬੰਦੀ ਦੇ ਆਗੂਆਂ ਨੇ ਕਈ ਵਾਰ ਟੌਲ ਪ੍ਰਬੰਧਕਾਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਪਰ ਪ੍ਰਬੰਧਕਾਂ ਨੇ ਕੁੱਝ ਨਹੀਂ ਕੀਤਾ। ਇਸ ਤੋਂ ਅੱਕੇ ਕਿਸਾਨਾਂ ਨੇ ਅੱਜ ਟੌਲ ਪਰਚੀ ਮੁਕਤ ਕੀਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਗਲੋਬਲ ਮੈਡੀਕਲ ਸੈਂਟਰ ਲੁਧਿਆਣਾ ਤੋਂ ਲੈ ਕੇ ਤਲਵੰਡੀ ਭਾਈ ਤੱਕ 84 ਕਿਲੋਮੀਟਰ ਲੰਮੀ ਟੌਲ ਸੜਕ ’ਤੇ ਦੋ ਥਾਵਾਂ ਤੋਂ ਲੱਖਾਂ ਰੁਪਏ ਟੌਲ ਉਗਰਾਹੀ ਕਰਨ ਦੇ ਬਾਵਜੂਦ ਸਹੂਲਤ ਦੇਣ ਤੇ ਸ਼ਰਤਾਂ ਪੂਰੀਆਂ ਕਰਨ ਵਿੱਚ ਟੌਲ ਕੰਪਨੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।