ਗੁਰਸੇਵਕ ਸਿੰਘ ਪ੍ਰੀਤ
‘ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ’ ਨੇ ਮੁਕਤਸਰ-ਕੋਟਕਪੂਰਾ ਮਾਰਗ ’ਤੇ ਸਥਿਤ ‘ਵੜਿੰਗ ਟੌਲ ਪਲਾਜ਼ਾ’ ਨੂੰ ਪੱਕੇ ਤੌਰ ’ਤੇ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਅਤੇ ਸਥਾਨਕ ਲੋਕ ਮੋਜੂਦ ਰਹੇ। ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਕਰੀਬ 10 ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਸੀ ਕਿ ਟੌਲ ਪਲਾਜ਼ਾ ਵਾਲੀ ਸੜਕ ’ਤੇ ਨਹਿਰਾਂ ਵਾਲੇ ਪੁਲ ਅਤੇ ਸੜਕ ਨਿਰਮਾਣ ਦਾ ਕੰਮ ਕੰਪਨੀ ਨੇ ਪੂਰਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੇ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਕੰਪਨੀ ਨੇ ਮੁੜ ਟੌਲ ਪਲਾਜ਼ਾ ਚਾਲੂ ਕਰ ਦਿੱਤਾ ਹੈ ਅਤੇ ਇਹ ਲੋਕਾਂ ਨਾਲ ਧੋਖਾ ਹੈ। ਇਸ ਕਰ ਕੇ ਜਥੇਬੰਦੀ ਨੇ ਆਪਣੇ ਕੀਤੇ ਐਲਾਨ ਅਨੁਸਾਰ ਅੱਜ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੌਲ ਪਲਾਜ਼ਾ ਉਸ ਵੇਲੇ ਹੀ ਖੁੱਲ੍ਹੇਗਾ ਜਦੋਂ ਨਹਿਰਾਂ ਦੇ ਪੁਲ ਅਤੇ ਸੜਕ ਦੇ ਨਿਰਮਾਣ ਦਾ ਕੰਮ ਪੂਰਾ ਹੋ ਜਾਵੇਗਾ।
ਇਸ ਮੌਕੇ ਟੌਲ ਪਲਾਜ਼ਾ ਕੰਪਨੀ ਦੇ ਅਧਿਕਾਰੀ ਜਤਿੰਦਰ ਪਟੇਲ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਆਗਿਆ ਨਾਲ ਹੀ ਟੌਲ ਸ਼ੁਰੁੂ ਕੀਤਾ ਗਿਆ ਹੈ। ਪੁਲਾਂ ਦਾ ਨਿਰਮਾਣ ਨਾ ਹੋਣ ਕਾਰਣ ਕੰਪਨੀ ਵੱਲੋਂ ਟੌਲ ਪਰਚੀ ਵਿੱਚ ਬਣਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਸੜਕ ਨਿਰਮਾਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਉਹ ਭਲਕੇ ਕਿਸਾਨ ਆਗੂਆਂ ਅਤੇ ਟੌਲ ਕੰਪਨੀ ਦੀ ਬੈਠਕ ਕਰਵਾ ਕੇ ਮਸਲੇ ਦਾ ਹੱਲ ਕਰਨਗੇ।