ਡੀ ਪੀ ਐੱਸ ਬੱਤਰਾ
ਸਮਾਜ ਸੇਵੀ ਨੀਰਜ ਸਿਹਾਲਾ ਨੇ ਕਿਹਾ ਕਿ ਪਿੰਡ ਸਿਹਾਲਾ ਦੇ ਸਮੂਹ ਕਿਸਾਨਾਂ ਨੇ ਮਿਸਾਲ ਪੈਦਾ ਕਰਦਿਆਂ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ। ਵਾਤਾਵਰਨ ਦੀ ਸ਼ੁੱਧਤਾ ਵਿੱਚ ਯੋਗਦਾਨ ਪਾਉਣ ਲਈ ਪਿੰਡ ਸਿਹਾਲਾ ਦੇ ਸਮੂਹ ਵਾਸੀਆਂ ਨੇ ਇਸ ਵਾਰ ਪ੍ਰਣ ਕੀਤਾ ਸੀ ਕਿ ਪਿੰਡ ਵਿੱਚ ਕਿਸੇ ਵੀ ਖੇਤ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ। ਉਸ ਦੇ ਪਿੰਡ ਦੇ ਕਿਸਾਨਾਂ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਅੱਜ ਪਿੰਡ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਗਰਮੀ ਵੱਧ ਰਹੀ ਹੈ। ਇਸ ਤੋਂ ਬਚਾਅ ਲਈ ਵੱਖ-ਵੱਖ ਤਰ੍ਹਾਂ ਤੇ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਪੰਜਾਬ ਵਿੱਚ ਵੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਕਾਰਨ, ਫੈਕਟਰੀਆਂ ਤੇ ਵਾਹਨਾਂ ਦੇ ਧੂੰਏਂ ਕਾਰਨ ਵਾਤਾਵਰਨ ਖ਼ਰਾਬ ਹੋ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਸਮਰਾਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਉਨ੍ਹਾਂ ਪਿੰਡਾਂ ਦੀ ਸ਼ਨਾਖ਼ਤ ਕੀਤੀ ਜਾਵੇ ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਦੇ ਖੇਤ ਨੂੰ ਅੱਗ ਨਹੀਂ ਲਗਾਈ।
ਇਨ੍ਹਾਂ ਪਿੰਡਾਂ ਨੂੰ ਤਹਿਸੀਲ ਪੱਧਰ ’ਤੇ ਸਨਮਾਨਿਆ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਿਹਾਲਾ ਪਿੰਡ ਦੇ ਸਰਪੰਚ ਅਤੇ ਗਰਾਮ ਪੰਚਾਇਤ ਵੀ ਅਜਿਹੇ ਭਲਾਈ ਕਾਰਜਾਂ ਲਈ ਵਿਸ਼ੇਸ਼ ਸਨਮਾਨ ਸ਼ੁਰੂ ਕਰੇਗੀ। ਮੀਟਿੰਗ ਦੌਰਾਨ ਹੋਰ ਬੁਲਾਰਿਆਂ ਨੇ ਵੀ ਸਿਹਾਲਾ ਪਿੰਡ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ।

