ਸਹਿਕਾਰੀ ਸਭਾਵਾਂ ’ਚ ਡੀਏਪੀ ਤੇ ਯੂਰੀਆ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਮਹਿੰਗੇ ਭਾਅ ਡੀਏਪੀ ਤੇ ਯੂਰੀਆ ਖਰੀਦਣ ਲਈ ਮਜਬੂਰ ਹੋ ਰਹੇ ਹਨ ਕਿਸਾਨ
ਸਹਿਕਾਰੀ ਸਭਾਵਾਂ ਵਿਚ ਡੀਏਪੀ ਨਹੀਂ ਜਦੋਂਕਿ ਬਜ਼ਾਰ ਵਿਚੋਂ ਡੇਢ ਗੁਣਾ ਮਹਿੰਗੇ ਭਾਅ ’ਤੇ ਡੀਏਪੀ ਤੇ ਯੂਰੀਆ ਮਿਲ ਰਹੀ ਹੈ। ਪਿੰਡ ਸ਼ੁਤਰਾਣਾ ਦੇ ਸਾਬਕਾ ਸਰਪੰਚ ਸਤਨਾਮ ਸਿੰਘ, ਸਹਿਕਾਰੀ ਸਭਾ ਸ਼ੁਤਰਾਣਾ ਦੇ ਪ੍ਰਧਾਨ ਰਾਜ ਸਿੰਘ ਝੱਬਰ, ਸਾਬਕਾ ਸਰਪੰਚ ਵਧਾਵਾ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ ਅਤੇ ਨੰਬਰਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਸ਼ੁਤਰਾਣਾ ਦੇ 1200 ਮੈਂਬਰਾਂ ਦੀ ਮੰਗ ਪੂਰੀ ਕਰਨ ਲਈ ਸਭਾ ਨੇ 4000 ਬੈਗ ਡੀਏਪੀ ਖਾਦ ਦੀ ਮੰਗ ਕਾਫੀ ਸਮਾਂ ਪਹਿਲਾਂ ਕੀਤੀ ਸੀ, ਹੁਣ ਤੱਕ ਕੇਵਲ 1400 ਬੈਗ ਜਿਸ ਵਿੱਚ 700 ਟੀਐਸਪੀ ਅਤੇ 700 ਬੈਗ ਐਨ ਪੀ ਕੇ ਖਾਦ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਐਸਪੀ ਖਾਦ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਜਿਸ ਕਾਰਨ ਕਿਸਾਨਾਂ ਦੀ ਕਣਕ ਬੀਜਣ ਸਮੇਂ ਨਾਈਟਰੋਜਨ ਦੀ ਘਾਟ ਕਾਰਨ ਕਮਜ਼ੋਰ ਰਹਿ ਜਾਂਦੀ ਹੈ ਅਤੇ ਐਨਪੀਕੇ ਖਾਦ ਵਿੱਚ ਫਾਸਫੋਰਸ ਦੀ ਪੂਰੀ ਮਾਤਰਾ ਨਾ ਹੋਣ ਕਰਕੇ ਜ਼ਮੀਨ ਨੂੰ ਲੋੜ ਮੁਤਾਬਿਕ ਡਾਈਅਮੋਨੀਆ ਤੱਤ ਮੁਹਈਆ ਨਹੀਂ ਹੁੰਦੇ ਤੇ ਝਾੜ ਤੇ ਮਾਰੂ ਅਸਰ ਪੈਂਦਾ ਹੈ। ਕਿਸਾਨ ਇਨ੍ਹਾਂ ਖਾਦਾਂ ਨੂੰ ਖਰੀਦ ਨਹੀਂ ਰਹੇ। ਉਨ੍ਹਾਂ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਸਹਿਕਾਰੀ ਸਭਾਵਾਂ ਵਿੱਚ ਜਾਣਬੁੱਝ ਕੇ ਮੰਗ ਮੁਤਾਬਕ ਡੀਏਪੀ ਨਹੀਂ ਭੇਜੀ ਜਾ ਰਹੀ। ਕਣਕ ਦੀ ਬਿਜਾਈ ਦਾ ਸਮਾਂ ਆਉਣ ਕਰਕੇ ਕਿਸਾਨਾਂ ਨੂੰ ਡੀਏਪੀ 1350 ਰੁਪਏ ਵਾਲਾ ਬੈਗ ਬਜ਼ਾਰ ਵਿਚੋਂ 1800 ਰੁਪਏ ਤੋਂ ਵੱਧ ਅਤੇ 267 ਰੁਪਏ ਮਿਲਣ ਵਾਲਾ ਯੂਰੀਆ 350 ਰੁਪਏ ਤੋਂ ਵੱਧ ਕੀਮਤ ’ਤੇ ਖਰੀਦਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਘੱਟ ਝਾੜ ਅਤੇ ਸਸਤੀ ਵਿਕਦੀ ਬਾਸਮਤੀ ਕਰਕੇ ਆਰਥਿਕ ਮੰਦਹਾਲੀ ਦਾ ਮਾਰਿਆ ਅੰਨਦਾਤਾ ਚਿੱਟੇ ਦਿਨ ਲੁੱਟਿਆ ਜਾ ਰਿਹਾ ਹੈ। ਸਰਕਾਰ ਮੂਕ ਦਰਸ਼ਕ ਬਣ ਕੇ ਕਿਸਾਨਾਂ ਦੀ ਲੁੱਟ ਵੇਖ ਰਹੀ ਹੈ। ਇਸ ਸਬੰਧੀ ਜਦੋਂ ਡੀਆਰ ਪਟਿਆਲਾ ਨੂੰ ਵਾਰ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਾ ਚੁੱਕਿਆ। ਇਸ ਮੌਕੇ ਸੁਖਦੇਵ ਸਿੰਘ ਨੰਬਰਦਾਰ ਰਸੌਲੀ, ਜੰਗ ਸਿੰਘ, ਬਲਬੀਰ ਸਿੰਘ ਪੂਹਲੇਵਾਲ, ਸੱਤਪਾਲ ਰਸੌਲੀ, ਰਾਜ ਕੁਮਾਰ ਆਦਿ ਹਾਜ਼ਰ ਸਨ।