ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਖ਼ਰੀਦ ਕੇਂਦਰਾਂ ਵਿੱਚ ਚੁਕਾੲੀ ਦੀ ਸਮੱਸਿਆ; ਖ਼ਰੀਦ ਏਜੰਸੀਆਂ ਤੋਂ ਕਿਸਾਨ ਖ਼ਫ਼ਾ
ਮਾਨਸਾ ਦੀ ਅਨਾਜ ਮੰਡੀ ’ਚ ਚੁਕਾਈ ਨਾ ਹੋਣ ਕਾਰਨ ਪਈਆਂ ਝੋਨੇ ਦੀਆਂ ਬੋਰੀਆਂ।
Advertisement

ਜੋਗਿੰਦਰ ਸਿੰਘ ਮਾਨ

ਪੰਜਾਬ ਸਰਕਾਰ ਦੇ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਝੋਨੇ ਦੀ ਫ਼ਸਲ ਦੀ ਅਦਾਇਗੀ ਕਰਨ ਦੇ ਦਾਅਵੇ ਠੁੱਸ ਹੋ ਗਏ ਹਨ। ਇੱਥੇ ਜਿਹੜੇ ਕਿਸਾਨਾਂ ਨੇ ਕਰੀਬ ਹਫ਼ਤਾ ਪਹਿਲਾਂ ਝੋਨਾ ਵੇਚਿਆ ਸੀ, ਉਨ੍ਹਾਂ ਨੂੰ ਅੱਜ ਤੱਕ ‘ਇੱਕ ਨਵਾਂ ਪੈਸਾ’ ਨਹੀਂ ਨਹੀਂ ਮਿਲਿਆ। ਅਦਾਇਗੀ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਖ਼ਰੀਦ ਕੇਂਦਰਾਂ ਵਿੱਚ ਚੁਕਾਈ ਦੀ ਵੱਡੀ ਦਿੱਕਤ ਹੈ। ਇਸ ਸਬੰਧੀ ਜਦੋਂ ਕੱਚੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਕਿਸਾਨਾਂ ਤੋਂ ਝੋਨਾ ਤਾਂ ਲਵਾ ਲਿਆ ਹੈ ਪਰ ਹੁਣ ਉਨ੍ਹਾਂ ਦੇ ਪੈਸੇ ਦੇਣ ਦਾ ਨਾਂ ਨਹੀਂ ਲੈ ਰਹੀਆਂ। ਕਿਸਾਨ ਆੜ੍ਹਤੀਆਂ ਤੋਂ ਆਪਣੇ ਫ਼ਸਲ ਦੇ ਪੈਸੇ ਮੰਗ ਰਹੇ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਹੀ ਚੈੱਕ ਨਹੀਂ ਦਿੱਤੇ ਜਾ ਰਹੇ ਹਨ, ਇਸ ਕਰ ਕੇ ਉਹ ਕਿਸਾਨ ਤੋਂ ਜਿਣਸ ਲੈ ਕੇ ਵੀ ਅਦਾਇਗੀ ਨਹੀਂ ਕਰ ਸਕਦੇ। ਕੱਚੇ ਆੜ੍ਹਤੀਆਂ ਨੂੰ ਬੈਂਕਾਂ ਵੱਲੋਂ ਵੱਖਰੇ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ।

Advertisement

ਮਾਨਸਾ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ’ਚ 31 ਅਕਤੂਬਰ ਤੋਂ ਬਾਅਦ ਅਦਾਇਗੀ ਦੀ ਵੱਡੀ ਸਮੱਸਿਆ ਆਈ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਖ਼ਰੀਦ ਏਜੰਸੀਆਂ ਨੂੰ ਤੁਰੰਤ ਖ਼ਰੀਦ ਕਰ ਕੇ ਅਦਾਇਗੀ 48 ਘੰਟਿਆਂ ਵਿੱਚ ਕਰਨ ਦੀ ਹਦਾਇਤ ਕੀਤੀ ਹੋਈ ਹੈ ਪਰ ਏਜੰਸੀਆਂ ਦੇ ਅਫ਼ਸਰ ਲਾਰੇ ਲਗਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ)- ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕਿਸਾਨਾਂ ਨੂੰ 7-8 ਦਿਨ ਪਹਿਲਾਂ ਤੋਲੇ ਜਾ ਚੁੱਕੇ ਝੋਨੇ ਦੀ ਹਾਲੇ ਤੱਕ ਅਦਾਇਗੀ ਨਹੀਂ ਹੋਈ। ਕਿਸਾਨਾਂ ਨੂੰ ਬਿਨਾਂ ਦੇਰੀ ਤੁਰੰਤ ਅਦਾਇਗੀ ਕੀਤੀ ਜਾਵੇ।

ਅਗਲੀ ਫ਼ਸਲ ਦੀ ਬਿਜਾਈ ਔਖੀ ਹੋਈ: ਰੁਲਦੂ ਸਿੰਘ

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਝੋਨੇ ਦੇ ਪੈਸੇ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਅਗਲੀ ਕਣਕ ਦੀ ਫ਼ਸਲ ਲਈ ਬੀਜ ਅਤੇ ਖਾਦ ਦੇ ਪ੍ਰਬੰਧ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਏਜੰਸੀਆਂ ਦੇ ਅਧਿਕਾਰੀ ਜਿਣਸ ਲੈ ਕੇ ਉਸ ਦੇ ਭੁਗਤਾਨ ਵਿੱਚ ਦੇਰੀ ਕਰ ਰਹੇ ਹਨ।

ਅਧਿਕਾਰੀਆਂ ਨੂੰ ਜਲਦੀ ਭੁਗਤਾਨ ਦੀ ਹਦਾਇਤ ਕੀਤੀ: ਡੀ ਸੀ

ਮਾਨਸਾ ਦੀ ਡੀ ਸੀ ਨਵਜੋਤ ਕੌਰ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜਲਦੀ ਭੁਗਤਾਨ ਦੀ ਹਦਾਇਤ ਕੀਤੀ ਗਈ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 5,40,662 ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 4,84,525 ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਖ਼ਰੀਦ ਕੀਤੇ ਝੋਨੇ ਦੀ 1074.98 ਕਰੋੜ ਰੁਪਏ ਦੀ ਅਦਾਇਗੀ ਵੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।

Advertisement
Show comments