ਡੀ ਏ ਪੀ ਨਾਲ ਨੈਨੋ ਖਾਦ ਥੋਪਣ ’ਤੇ ਕਿਸਾਨ ਭੜਕੇ
ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ, ਪ੍ਰਸ਼ਾਸਨ ਦੇ ਭਰੋਸੇ ਮਗਰੋਂ ਸ਼ਾਂਤ ਹੋਏ ਪ੍ਰਦਰਸ਼ਨਕਾਰੀ
ਰਮਨਦੀਪ ਸਿੰਘ
ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਰਾਮਪੁਰਾ ਫੂਲ਼ ਦੇ ਰੇਲਵੇ ਸਟੇਸ਼ਨ ’ਤੇ ਡੀ ਏ ਪੀ ਖਾਦ ਦੇ 21 ਡੱਬਿਆਂ ਵਾਲੇ ਰੈਕ ਦਾ ਘਿਰਾਓ ਕਰ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ। ਯੂਨੀਅਨ ਨੇ ਕਿਸਾਨਾਂ ਨੂੰ ਡੀ ਏ ਪੀ ਖਾਦ ਨਾਲ ਤਰਲ ਖਾਦ (ਨੈਨੋ) ਸਣੇ ਹੋਰ ਸਾਮਾਨ ਦਿੱਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਵਿਰੋਧ ਕੀਤਾ।
ਇਸ ਮੌਕੇ ਬੀ ਕੇ ਯੂ ਕ੍ਰਾਂਤੀਕਾਰੀ ਦੇ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਨੇ ਦੱਸਿਆ ਕਿ ਨੈਨੋ ਖਾਦ ਫਸਲਾਂ ’ਤੇ ਫੇਲ੍ਹ ਹੋਣ ਅਤੇ ਕਿਸਾਨਾਂ ਵੱਲੋਂ ਨੈਨੋ ਖਾਦ ਨੂੰ ਲੈਣ ਤੋਂ ਇਨਕਾਰ ਕਰਨ ਉਪਰੰਤ ਵੀ ਕਿਸਾਨਾਂ ’ਤੇ ਇਹ ਖਾਦ ਜਬਰੀ ਥੋਪ ਕੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹੋ ਰਹੀ ਇਸ ਲੁੱਟ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰਾਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਕਿਸਾਨਾਂ ਦੀ ਲੁੱਟ ਲਈ ਵਰਤ ਰਹੀਆਂ ਹਨ।
ਪ੍ਰਦਰਸ਼ਨ ਦੌਰਾਨ ਮਾਮਲਾ ਭਖਦਾ ਦੇਖ ਪ੍ਰਸ਼ਾਸਨ ਨੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਇਫਕੋ ਤੋਂ ਰੈਕ ਇੰਚਾਰਜ ਅਮਰਜੀਤ ਸਿੰਘ ਤੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮੌਕੇ ’ਤੇ ਪੁੱਜੇ। ਇਨ੍ਹਾਂ ਆਗੂਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਾਨ ਨੂੰ ਜਬਰੀ ਨੈਨੋ ਖ਼ਾਦ ਜਾਂ ਕੋਈ ਹੋਰ ਸਾਮਾਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸਭਾਵਾਂ ਵਿੱਚ ਪਹਿਲਾਂ ਤੋਂ ਨੈਨੋ ਸਟਾਕ ਮੌਜੂਦ ਹੈ ਉਸ ਦੀ ਵਾਪਸੀ ਲਈ ਕਿਸਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਵਾਈ ਜਾਵੇਗੀ। ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਸਹਿਮਤੀ ਬਣਨ ਮਗਰੋਂ ਕਿਸਾਨਾਂ ਨੇ ਪ੍ਰਦਰਸ਼ਨ ਖ਼ਤਮ ਕੀਤਾ।

