Farmers protest ਚੰਡੀਗੜ੍ਹ ਜਾਂਦਿਆਂ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨ ਛੱਡੇ; ਜੇਲ੍ਹਾਂ ਵਿੱਚ ਡੱਕੇ ਕਿਸਾਨ ਵੀਰਵਾਰ ਦੁਪਹਿਰੇ 12 ਵਜੇ ਕੀਤੇ ਜਾਣਗੇ ਰਿਹਾਅ
ਸਰਬਜੀਤ ਸਿੰਘ ਭੰਗੂ/ਮੇਜਰ ਸਿੰਘ ਮਟਰਾਂ
ਪਟਿਆਲਾ/ਭਵਾਨੀਗੜ੍ਹ, 5 ਮਾਰਚ
ਪੁਲੀਸ ਨੇ ਐੱਸਕੇਐੱਮ ਦੇ ਸੱਦੇ ਤਹਿਤ ਪੱਕੇ ਮੋਰਚੇ ਲਈ ਚੰਡੀਗੜ੍ਹ ਜਾਂਦਿਆਂ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਛੱਡ ਦਿੱਤੇ ਹਨ ਜਦੋਂਕਿ ਮੰਗਲਵਾਰ ਤੜਕੇ ਛਾਪੇ ਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਸਮਝੌਤਾ ਹੋ ਗਿਆ ਹੈ। ਸਮਝੌਤੇ ਤਹਿਤ ਇਨ੍ਹਾਂ ਕਿਸਾਨਾਂ ਨੂੰ ਵੀਰਵਾਰ ਦੁਪਹਿਰੇ 12 ਵਜੇ ਤੱਕ ਰਿਹਾਅ ਕੀਤਾ ਜਾਵੇਗਾ। ਹਾਲਾਂਕਿ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜੇਲ੍ਹਾਂ ਵਿਚ ਡੱਕੇ ਇਨ੍ਹਾਂ ਸਾਰੇ ਕਿਸਾਨਾਂ ਨੂੰ ਅੱਜ ਹੀ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਚੇਤੇ ਰਹੇ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਦੇ ਸੱਦੇ ਤਹਿਤ ਕਿਸਾਨ ਅੱਜ ਚੰਡੀਗੜ੍ਹ ਵੱਲ ਵਧ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਐੱਸਕੇਐੱਮ ਆਗੂਆਂ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਪੁਲੀਸ ਨੇ ਮੰਗਲਵਾਰ ਵੱਡੇ ਤੜਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਛਾਪੇ ਮਾਰ ਕੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਜਾਂ ਫਿਰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਸੀ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਗ੍ਰਿਫਤਾਰ ਕਿਸਾਨਾਂ ਨੂੰ ਅੱਜ ਹੀ ਰਿਹਾਆ ਕੀਤੇ ਜਾਣ ਲਈ ਬਜ਼ਿੱਦ ਹਨ। ਉਨ੍ਹਾਂ ਪਟਿਆਲਾ ਨੇੜੇ ਮਹਿਮਦਪੁਰ ਮੰਡੀ ਵਿੱਚ ਧਰਨਾ ਲਾਇਆ ਹੋਇਆ ਹੈ। ਕਿਸਾਨ ਆਗੂ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ ਓਨਾ ਚਿਰ ਇਹ ਧਰਨਾ ਜਾਰੀ ਰਹੇਗਾ। ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ ਜਥੇਬੰਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਰਿਹਾਈ ਤੱਕ ਮੋਰਚੇ ’ਤੇ ਡਟੀ ਰਹੇਗੀ।
ਕਿਸਾਨ ਆਗੂ ਨੇ ਅੱਜ ਸ਼ਾਮੀਂ ਥਾਣੇ ਤੋਂ ਰਿਹਾਅ ਹੋਣ ਉਪਰੰਤ ਘਰਾਚੋਂ ਮੁੱਖ ਮਾਰਗ ’ਤੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਕੱਲ੍ਹ ਤੱਕ ਰਿਹਾਅ ਕਰਨ ਦੇ ਵਾਅਦੇ ਉਪਰੰਤ ਮੋਰਚਾ ਮੁਲਤਵੀ ਕਰਨ ਦਾ ਐਲਾਨ ਉਨ੍ਹਾਂ ਦੀ ਜਥੇਬੰਦੀ ਦੇ ਆਗੂਆਂ ਨਾਲ ਸੰਪਰਕ ਕਰਕੇ ਨਹੀਂ ਲਿਆ ਗਿਆ। ਇਸ ਲਈ ਉਨ੍ਹਾਂ ਦੀ ਜਥੇਬੰਦੀ ਸਾਰੇ ਕਿਸਾਨਾਂ ਦੀ ਰਿਹਾਈ ਤੱਕ ਵਾਪਸ ਨਹੀਂ ਜਾਵੇਗੀ।