ਗ਼ਰੀਬ ਦੇ ਘਰ ਦੀ ਕੁਰਕੀ ਰੋਕਣ ਪੁੱਜਾ ਕਿਸਾਨ ਆਗੂ ਥਾਣੇ ਡੱਕਿਆ
ਬੀ ਕੇ ਯੂ (ੳੁਗਰਾਹਾਂ) ਵੱਲੋਂ ਬਰਨਾਲਾ ਸਿਟੀ ਥਾਣੇ ਦਾ ਘਿਰਾਓ; ਬਿਨਾਂ ਸ਼ਰਤ ਰਿਹਾੲੀ ਮਗਰੋਂ ਧਰਨਾ ਸਮਾਪਤ
ਪਰਸ਼ੋਤਮ ਬੱਲੀ
ਪਿੰਡ ਸੰਘੇੜਾ ਵਿੱਚ ਪਛੜੇ ਵਰਗ ਨਾਲ ਸਬੰਧਤ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਉਣ ਪੁੱਜੇ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂ ਰਾਮ ਸਿੰਘ ਸੰਘੇੜਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਥਾਣੇ ਬੰਦ ਕਰ ਦਿੱਤਾ। ਇਸ ਦੀ ਸੂਚਨਾ ਮਿਲਦਿਆਂ ਹੀ ਜਥੇਬੰਦੀ ਦੀ ਜ਼ਿਲ੍ਹਾ ਟੀਮ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਸਿਟੀ-1 ਦਾ ਘਿਰਾਓ ਕਰ ਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਅਖੀਰ ਪੁਲੀਸ ਨੇ ਕਿਸਾਨ ਆਗੂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਤਾਂ ਧਰਨਾ ਸਮਾਪਤ ਕੀਤਾ ਗਿਆ। ਧਰਨੇ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾ ਪਿੰਡੀ ਤੇ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਸੰਘੇੜਾ ਵਾਸੀ ਤੇਜਾ ਸਿੰਘ ਨੇ ਇੱਕ ਨਿੱਜੀ ਫਾਇਨਾਂਸ ਕੰਪਨੀ ਤੋਂ 10 ਲੱਖ ਕਰਜ਼ਾ ਲਿਆ ਸੀ। ਉਸ ਨੇ ਕਰਜ਼ੇ ਦੀਆਂ 23 ਕਿਸ਼ਤਾਂ ਤਾਰ ਵੀ ਦਿੱਤੀਆਂ ਹਨ। ਕਰੋਨਾ ਸਮੇਂ ਉਸ ਦਾ ਕੰਮ ਬੰਦ ਹੋ ਗਿਆ ਸੀ। ਉਸ ਨੇ ਕਰਜ਼ਾ ਮੋੜਨ ਲਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਫਰਮ ਤੋਂ ਕਰਜ਼ੇ ਦਾ ਬੰਦੋਬਸਤ ਕਰ ਕੇ ਟਰੈਕਟਰ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਨਾਲ ਠੱਗੀ ਵੱਜ ਗਈ। ਕਰਜ਼ਾ ਨਾ ਮੋੜਨ ਕਾਰਨ ਉਸ ਦੇ ਘਰ ਦੀ ਕੁਰਕੀ ਲਿਆਂਦੀ ਗਈ। ਆਗੂਆਂ ਨੇ ਕਿਹਾ ਕਿ ਪੂੰਜੀਪਤੀਆਂ ਦੇ ਲੱਖਾਂ ਕਰੋੜ ਸਰਕਾਰ ਵੱਟੇ ਖਾਤੇ ਪਾ ਦਿੰਦੀ ਹੈ ਪਰ ਗ਼ਰੀਬਾਂ ਦੀ ਛੱਤ ਵੀ ਖੋਹ ਲਈ ਜਾਂਦੀ ਹੈ।
ਬੁਲਾਰਿਆਂ ਕਿਹਾ ਕਿ ਅੱਜ ਸਵੇਰੇ ਕਰੀਬ ਛੇ ਵਜੇ ਹੀ ਫਾਇਨਾਂਸ ਕੰਪਨੀ ਦੇ ਅਧਿਕਾਰੀ ਪ੍ਰਸ਼ਾਸਨ ਦੀ ਮਦਦ ਨਾਲ ਕੁਰਕੀ ਲਈ ਪੁੱਜੇ ਸਨ। ਇਸ ਬਾਰੇ ਪਤਾ ਲੱਗਦਿਆਂ ਹੀ ਬੀ ਕੇ ਯੂ ਦੇ ਪਿੰਡ ਇਕਾਈ ਦੇ ਪ੍ਰਧਾਨ ਰਾਮ ਸਿੰਘ ਸੰਘੇੜਾ ਸਾਥੀਆਂ ਸਣੇ ਵਿਰੋਧ ਲਈ ਪੁੱਜ ਗਏ। ਉਨ੍ਹਾਂ ਨੂੰ ਪੁਲੀਸ ਨੇ ਰਿਹਾਸਤ ’ਚ ਲੈ ਕੇ ਥਾਣਾ ਸਿਟੀ-1 ਵਿੱਚ ਬੰਦ ਕਰ ਦਿੱਤਾ ਸੀ। ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਜਿਸ ਮਗਰੋਂ ਕਿਸਾਨ ਆਗੂ ਰਾਮ ਸਿੰਘ ਸੰਘੇੜਾ, ਦਰਸ਼ਨ ਸਿੰਘ ਤੇ ਪੀੜਤ ਪਰਿਵਾਰ ਦੇ ਤੇਜਾ ਸਿੰਘ ਤੇ ਸੋਨੀ ਸਿੰਘ ਸੰਘੇੜਾ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ।