ਇਟਲੀ ’ਚ ਲਾਪਤਾ ਹਰਮਨਦੀਪ ਸਿੰਘ ਦਾ ਪਰਿਵਾਰ ਪ੍ਰੇਸ਼ਾਨ
ਇਟਲੀ ਵਿੱਚ ਲਾਪਤਾ ਹੋਏ ਹਰਮਨਦੀਪ ਸਿੰਘ ਦੀ ਕੋਈ ਉੱਘ-ਸੁੱਘ ਨਹੀਂ ਲੱਗੀ। ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ ਤੇ ਪੁੱਤਰ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਰੋਮ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਸੰਪਰਕ ਵਿੱਚ ਹਨ। ਦੱਸਣਯੋਗ ਹੈ ਕਿ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਮੁਹਾਵਾ ਦੇ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ ਇਟਲੀ ਵਿੱਚੋਂ ਚਾਰ ਦਿਨਾਂ ਤੋਂ ਲਾਪਤਾ ਹੈ। ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੂਤਘਰ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਉੱਥੋਂ ਦੀ ਪੁਲੀਸ ਵੀ ਪੂਰੀ ਮਦਦ ਕਰ ਰਹੀ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਹਰਮਨਦੀਪ ਸਿੰਘ ਲਗਪਗ ਸੱਤ ਸਾਲ ਪਹਿਲਾਂ ਇਟਲੀ ਗਿਆ ਸੀ। 22 ਜੁਲਾਈ ਨੂੰ ਕੰਮ ਤੋਂ ਬਾਅਦ ਘਰ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਿਆ ਸੀ। ਹਰਮਨਦੀਪ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਹੈ ਹਰਮਨ ਜਲਦੀ ਉਨ੍ਹਾਂ ਦੇ ਕੋਲ ਹੋਵੇਗਾ। ਸੰਸਦ ਮੈਂਬਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਹਰਮਨ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਰੋਮ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਦੂਤਾਵਾਸ ਤੋਂ ਜਵਾਬ ਮਿਲਿਆ ਹੈ ਕਿ ਉਹ ਉੱਥੋਂ ਦੀ ਪੁਲੀਸ ਦੇ ਸੰਪਰਕ ਵਿੱਚ ਹਨ ਅਤੇ ਉੱਥੇ ਰਹਿਣ ਵਾਲੇ ਭਾਰਤੀ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਪਿਤਾ ਨਾਲ ਵੀ ਭਾਰਤ ਵਿੱਚ ਗੱਲ ਕੀਤੀ ਗਈ ਹੈ ਅਤੇ ਹੋਰ ਸੰਪਰਕ ਕੀਤੇ ਗਏ ਹਨ, ਜਲਦੀ ਹੀ ਉਸ ਬਾਰੇ ਜਾਣਕਾਰੀ ਮਿਲ ਜਾਵੇਗੀ। ਹਰਮਨਦੀਪ ਦਾ ਇੱਕ ਭਰਾ ਫੌਜ ਵਿੱਚ ਹੈ, ਜਿਸ ਦੇ ਵਿਆਹ ਲਈ ਉਸ ਨੇ ਦਸੰਬਰ ਮਹੀਨੇ ਭਾਰਤ ਆਉਣਾ ਸੀ ਪਰ ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਨਾਲ ਪਰਿਵਾਰ ਵਿੱਚ ਚਿੰਤਾ ਪੈਦਾ ਹੋ ਗਈ ਹੈ। ਸੰਸਦ ਮੈਂਬਰ ਨੇ ਕਿਹਾ ਕਿ ਮਹਾਵਾ ਇੱਕ ਅਜਿਹਾ ਪਿੰਡ ਹੈ ਜਿੱਥੋਂ ਦੇ 130 ਨੌਜਵਾਨ ਫੌਜ ਵਿੱਚ ਸੇਵਾ ਨਿਭਾਅ ਰਹੇ ਹਨ।