ਚਿੱਟੀਸਿੰਘਪੁਰਾ ’ਚ ਮਾਰੇ ਸਿੱਖਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਿਆ ਇਨਸਾਫ਼: ਗੜਗੱਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀਸਿੰਘਪੁਰਾ ਵਿੱਚ ਮਾਰੇ ਗਏ 35 ਸਿੱਖਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਉਹ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਹ ਕਸ਼ਮੀਰ ਦੌਰੇ ਦੌਰਾਨ ਪਿੰਡ ਚਿੱਟੀਸਿੰਘਪੁਰਾ ਵਿੱਚ ਵੀ ਗਏ ਅਤੇ ਉੱਥੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਇਸ ਪਿੰਡ ਵਿੱਚ 20 ਮਾਰਚ 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਸੰਗਤ ਵੱਲੋਂ ਬਣਾਈ ਗਈ ਯਾਦਗਾਰ ਤੇ ਤਸਵੀਰਾਂ ਵੀ ਦੇਖੀਆਂ। ਉਨ੍ਹਾਂ ਉਹ ਕੰਧ ਵੀ ਦੇਖੀ ਜਿਸ ਨਾਲ ਖੜ੍ਹੇ ਕਰਕੇ ਇਨ੍ਹਾਂ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਦੁਖਦਾਈ ਹਾਦਸੇ ਨੇ ਨਾ ਸਿਰਫ਼ ਕਸ਼ਮੀਰ ਦੇ ਸਿੱਖਾਂ ਨੂੰ, ਸਗੋਂ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਇਸ ਕਤਲੇਆਮ ਦੇ ਦੋਸ਼ੀ ਬੇਨਕਾਬ ਨਹੀਂ ਕੀਤੇ ਗਏ ਅਤੇ ਨਾ ਹੀ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਨੇ ਇੰਨਾ ਤਸ਼ੱਦਦ ਝੱਲਣ ਦੇ ਬਾਵਜੂਦ ਵੀ ਆਪਣੀ ਜ਼ਮੀਨ ਨਹੀਂ ਛੱਡੀ ਅਤੇ ਅੱਜ ਵੀ ਸਿੱਖ ਇਸ ਧਰਤੀ ’ਤੇ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨਾਲ ਚੜ੍ਹਦੀ ਕਲਾ ਨਾਲ ਰਹਿ ਰਹੇ ਹਨ, ਪਰ ਸਰਕਾਰਾਂ ਇਨ੍ਹਾਂ ਦੇ ਹੱਕ ਹਕੂਕ ਦੱਬ ਰਹੀਆਂ ਹਨ। ਗਿਆਨੀ ਗੜਗੱਜ ਨੇ ਕਿਹਾ ਕਿ ਚਿੱਟੀਸਿੰਘਪੁਰਾ ਦੀ ਘਟਨਾ ਇਹ ਸਿੱਖਿਆ ਦਿੰਦੀ ਹੈ ਕਿ ਜੇ ਸਿੱਖ ਕੌਮ ਇੱਕਜੁਟ ਹੋਵੇ ਤਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪਿੰਡ ਦੀ ਸੰਗਤ ਵੱਲੋਂ ਗੁਰਦੁਆਰੇ ਵਿੱਚ ਸਮਾਗਮ ਕਰਵਾੲਆ ਗਿਆ, ਜਿਸ ਵਿੱਚ ਜਥੇਦਾਰ ਨੇ ਗੁਰਬਾਣੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇਸ਼ ਤੌਰ ’ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਜਥੇਦਾਰ ਗੜਗੱਜ ਨੇ ਸ਼ਹੀਦਾਂ ਦੀ ਯਾਦ ਸੰਭਾਲਣ ਲਈ ਪਿੰਡ ਵਾਸੀ ਸਰਕਾਰੀ ਅਧਿਆਪਕ ਗਿਆਨੀ ਰਜਿੰਦਰ ਸਿੰਘ ਅਤੇ ਨੌਜਵਾਨ ਸਭਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ।