ਨਕਲੀ ਨੋਟ: ਮੁਲਜ਼ਮਾਂ ਦਾ ਪੁਲੀਸ ਰਿਮਾਂਡ
ਪੁਲੀਸ ਨੇ ਜਾਅਲੀ ਅਤੇ ਬੰਦ ਕਰੰਸੀ ਨਾਲ ਫੜੇ ਦੋਵੇਂ ਮੁਲਜ਼ਮਾਂ ਸਚਿਨ ਅਤੇ ਗੁਰਦੀਪ ਵਾਸੀ ਹਰਿਆਣਾ ਨੂੰ ਅਦਾਲਤ ਵਿੱਚ ਪੇਸ਼ ਕਰ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮਾਂ ਨੇ ਜ਼ੀਰਕਪੁਰ ਦੀ ਮਾਇਆ ਗਾਰਡ ਸੁਸਾਇਟੀ ਵਿੱਚ ਫਲੈਟ ਕਿਰਾਏ ’ਤੇ ਲਿਆ...
ਪੁਲੀਸ ਨੇ ਜਾਅਲੀ ਅਤੇ ਬੰਦ ਕਰੰਸੀ ਨਾਲ ਫੜੇ ਦੋਵੇਂ ਮੁਲਜ਼ਮਾਂ ਸਚਿਨ ਅਤੇ ਗੁਰਦੀਪ ਵਾਸੀ ਹਰਿਆਣਾ ਨੂੰ ਅਦਾਲਤ ਵਿੱਚ ਪੇਸ਼ ਕਰ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮਾਂ ਨੇ ਜ਼ੀਰਕਪੁਰ ਦੀ ਮਾਇਆ ਗਾਰਡ ਸੁਸਾਇਟੀ ਵਿੱਚ ਫਲੈਟ ਕਿਰਾਏ ’ਤੇ ਲਿਆ ਹੋਇਆ ਸੀ ਅਤੇ ਇੱਥੇ ਹੀ ਦਫ਼ਤਰ ਖੋਲ੍ਹਿਆ ਹੋਇਆ ਸੀ।
ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੇ ਜ਼ੀਰਕਪੁਰ ਵਿੱਚ ਡਾਟਾ ਕੁਲੈਕਸ਼ਨ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ, ਜਿੱਥੇ ਇਹ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਸੀ। ਇਸ ਗਰੋਹ ਵਿੱਚ ਕੁੱਲ ਸੱਤ ਤੋਂ ਅੱਠ ਜਣੇ ਸ਼ਾਮਲ ਹਨ, ਜੋ ਵੱਖ-ਵੱਖ ਸੂਬਿਆਂ ਤੋਂ ਹਨ। ਇਨ੍ਹਾਂ ਵਿੱਚ ਮਹਾਰਾਸ਼ਟਰ, ਰਾਜਸਥਾਨ ਅਤੇ ਹਰਿਆਣਾ ਦੇ ਮੈਂਬਰ ਜ਼ਿਆਦਾ ਹਨ। ਇਹ ਗਰੋਹ ਜ਼ਿਆਦਾਤਰ ਵਪਾਰੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਸ੍ਰੀ ਬਰਾੜ ਨੇ ਦੱਸਿਆ ਕਿ ਨੋਟਬੰਦੀ ਵੇਲੇ ਇਹ ਗਰੋਹ ਇਸ ਕੰਮ ਵਿੱਚ ਪਿਆ ਸੀ। ਉਸ ਵੇਲੇ ਇਨ੍ਹਾਂ ਨੇ ਵਪਾਰੀਆਂ ਨੂੰ ਕਾਲੇ ਧੰਨ (ਬਲੈਕ ਮਨੀ) ਨੂੰ ਸਫੈਦ ਵਿੱਚ ਤਬਦੀਲ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨੀ ਸ਼ੁਰੂ ਕੀਤੀ। ਨੋਟਬੰਦੀ ਵੇਲੇ ਇਨ੍ਹਾਂ ਨੇ ਪੁਰਾਣੇ ਬੰਦ ਕਰੋੜਾਂ ਰੁਪਏ ਇਕੱਠੇ ਕਰ ਲਏ ਸੀ। ਇਸ ਮਗਰੋਂ ਇਹ ਲਗਾਤਾਰ ਲੋਕਾਂ ਨਾਲ ਠੱਗੀ ਮਾਰ ਰਹੇ ਸੀ। ਇਸ ਗਰੋਹ ਦਾ ਸਰਗਨਾ ਦੀਪਕ ਚੌਹਾਨ ਹੈ, ਜਦਕਿ ਦੂਜੇ ਮੁਲਜ਼ਮ ਗੁਰਿੰਦਰ ਦੀ ਜਾਰੀ ਹੈ।
500 ਬਦਲੇ ਦਿੰਦੇ ਸੀ 2 ਹਜ਼ਾਰ ਦਾ ਨੋਟ
ਪੁਲੀਸ ਦੀ ਜਾਂਚ ਅਨੁਸਾਰ ਮੁਲਜ਼ਮ ਕੋਡ ਵਰਡ ‘ਗ੍ਰੀਨ’ ਦੇ ਬਦਲੇ ‘ਪਿੰਕ’ ਨਾਲ ਕੰਮ ਕਰਦੇ ਸੀ। ਇਹ ਗ੍ਰੀਨ 500 ਰੁਪਏ ਦਾ ਨੋਟ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਦਾ ਪਿੰਕ ਨੋਟ ਦਿੰਦੇ ਸੀ। ਦੋ ਹਜ਼ਾਰ ਰੁਪਏ ਦਾ ਨੋਟ ਬੰਦ ਹੋਣ ਮਗਰੋਂ ਇਹ ਦੁੱਗਣੇ ਪੈਸੇ ਕਰਨ ਦਾ ਲਾਲਚ ਦਿੰਦੇ ਸੀ। ਜਾਣਕਾਰੀ ਅਨੁਸਾਰ ਇਹ 25 ਲੱਖ ਰੁਪਏ ਬਦਲੇ ਪੰਜਾਹ ਲੱਖ ਰੁਪਏ ਦਿੰਦੇ ਸੀ ਅਤੇ ਇਨ੍ਹਾਂ ਵਿੱਚ ਦਸ ਲੱਖ ਅਸਲੀ ਨੋਟਾਂ ਦੇ ਬੰਡਲਾਂ ਵਿੱਚ 40 ਲੱਖ ਰੁਪਏ ਨਕਲੀ ਪਾ ਦਿੰਦੇ ਸੀ।

