ਸੋਸ਼ਲ ਮੀਡੀਆ ਉੱਤੇ ਬੀਤੇ ਦੋ ਦਿਨਾਂ ਤੋਂ ਸੂਬੇ ਅੰਦਰ ਨਕਲੀ ਗੁੜ ਦੀ ਵੱਡੇ ਪੱਧਰ ’ਤੇ ਆਮਦ ਚਰਚਾ ਵਿੱਚ ਹੈ। ਉਤਰ ਪ੍ਰਦੇਸ਼ ਦੇ ਸ਼ਾਮਲੀ ਸ਼ਹਿਰ ’ਚੋਂ ਤਿਆਰ ਉਕਤ ਗੁੜ ਨੂੰ ਪੰਜਾਬ ਅੰਦਰ ਵਪਾਰੀਆਂ ਵੱਲੋਂ ਆਪਣੇ ਮੁਨਾਫੇ ਲਈ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਕੈਮੀਕਲਾਂ ਨਾਲ ਤਿਆਰ ਇਹ ਗੁੜ ਮਨੁੱਖੀ ਸਿਹਤ ਲਈ ਬਹੁਤ ਘਾਤਕ ਮੰਨਿਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦੋ ਦਿਨ ਪਹਿਲਾਂ ਨਕਲੀ ਗੁੜ ਤਿਆਰ ਕਰਨ ਦੀ ਵੀਡੀਓ ਪੰਜਾਬ ਦੇ ਬਠਿੰਡਾ ਖੇਤਰ ਦੇ ਨੌਜਵਾਨਾਂ ਨੇ ਉਸ ਸਮੇਂ ਬਣਾਈ ਜਦੋਂ ਉਨ੍ਹਾਂ ਬੇਮੌਸਮੇ ਸਮੇਂ ਸ਼ਾਮਲੀ ਖੇਤਰ ਵਿੱਚ ਗੁੜ ਤਿਆਰ ਕਰਨ ਵਾਲੇ ਇੱਕ ਘੁਲਾੜ ਨੂੰ ਦੇਖਿਆ। ਵੀਡੀਉ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕੁਝ ਲੋਕ ਗੈਰ-ਮਿਆਰੀ ਵੇਸਟ ਗੁੜ ਅਤੇ ਖੰਡ ਦੇ ਮਿਸ਼ਰਨ ਨਾਲ ਕੈਮੀਕਲ ਤੇ ਪੀਲੇ ਰੰਗ ਦੇ ਘੋਲ ਨਾਲ ਗੁੜ ਬਣਾ ਕੇ ਡੱਬਿਆਂ ਵਿਚ ਪੈਕ ਕਰ ਰਹੇ ਹਨ। ‘ਗੰਗਾ’ ਬਰਾਂਡ ਦੇ ਨਾਮ ਹੇਠ ਇਹ ਕੈਮੀਕਲ ਯੁਕਤ ਗੁੜ ਦੀ ਕਰਿਆਣਾ ਦੁਕਾਨਾਂ ਉੱਤੇ ਵੱਡੇ ਪੱਧਰ ’ਤੇ ਵਿਕਰੀ ਹੋ ਰਹੀ ਹੈ।ਮਨੁੱਖੀ ਸਿਹਤ ਲਈ ਘਾਤਕ ਇਹ ਗੁੜ ਕੁਝ ਦਿਨਾਂ ਬਾਅਦ ਹੀ ਉੱਲੀ ਲੱਗਾ ਦਿਖਾਈ ਦੇਣ ਲੱਗਦਾ ਹੈ ਅਤੇ ਵਰਤੋਂ ਦੇ ਯੋਗ ਨਹੀਂ ਰਹਿੰਦਾ। ਪੰਜਾਬ ਅੰਦਰ ਪਹਿਲੀ ਵਾਰ ਇਸ ਘਟੀਆ ਕੁਆਲਿਟੀ ਦੇ ਗੁੜ ਦੀ ਰਿਕਾਰਡ ਤੋੜ ਵਿਕਰੀ ਦੀ ਸੂਚਨਾ ਹੈ।ਗੁੜ ਟੈਕਸ ਫਰੀ ਹੋਣ ਕਾਰਨ ਉਤਰ ਪ੍ਰਦੇਸ਼ ਦੇ ਵਪਾਰੀ ਇਸਦੀ ਧੜੱਲੇ ਨਾਲ ਪੰਜਾਬ ਅੰਦਰ ਵਿਕਰੀ ਕਰਕੇ ਮੋਟਾ ਮੁਨਾਫ਼ਾ ਵੀ ਕਮਾਉਂਦੇ ਹਨ। ਸਿਹਤ ਵਿਭਾਗ ਇਸ ਮਾਮਲੇ ਨੂੰ ਲੈ ਕੇ ਕੁੰਭਕਰਨ ਦੀ ਨੀਂਦ ਸੁੱਤਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਵਾਰ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ , ਪਰ ਜ਼ਰੂਰੀ ਰੁਝੇਵਿਆਂ ਵਿੱਚ ਹੋਣ ਸਦਕਾ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਉਨ੍ਹਾਂ ਦੇ ਕੋਠੀ ਵਿਚਲੇ ਨਿੱਜੀ ਸਹਾਇਕ ਮਲਕੀਅਤ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਪਾਸ ਵੀ ਕਿਸੇ ਜਾਣਕਾਰ ਨੇ ਇਹ ਵੀਡੀਉ ਭੇਜੀ ਹੈ। ਇਸ ਨੂੰ ਉਨ੍ਹਾਂ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ।
+
Advertisement
Advertisement
Advertisement
Advertisement
×