ਪੁਲਵਾਮਾ ਹਮਲੇ ਲਈ ਧਮਾਕਾਖੇਜ਼ ਸਮੱਗਰੀ ‘ਐਮੇਜ਼ੋਨ’ ਤੋਂ ਖਰੀਦੀ ਗਈ: ਐੱਫਏਟੀਐੱਫ
ਨਵੀਂ ਦਿੱਲੀ, 8 ਜੁਲਾਈ
ਆਲਮੀ ਅਤਿਵਾਦੀ ਫੰਡਿੰਗ ਨਿਗਰਾਨ ਸੰਸਥਾ ਐੱਫਏਟੀਐੱਫ ਨੇ ਫਰਵਰੀ 2019 ਦੇ ਪੁਲਵਾਮਾ ਅਤਿਵਾਦੀ ਹਮਲੇ ਅਤੇ ਗੋਰਖਨਾਥ ਮੰਦਰ ’ਚ ਹੋਈ 2022 ਦੀ ਘਟਨਾ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਈ-ਕਾਮਰਸ ਮੰਚ ਤੇ ਆਨਲਾਈਨ ਭੁਗਤਾਨ ਸੇਵਾਵਾਂ ਦੀ ਦੁਰਵਰਤੋਂ ਅਤਿਵਾਦੀ ਫੰਡਿੰਗ ਲਈ ਕੀਤੀ ਜਾ ਰਹੀ ਹੈ। ਪੁਲਵਾਮਾ ਅਤਿਵਾਦੀ ਹਮਲੇ ’ਚ ਸੀਆਰਪੀਐੱਫ ਦੇ 40 ਜਵਾਨਾਂ ਦੀ ਮੌਤ ਹੋਈ ਸੀ। ਸੰਸਥਾ ਨੇ ਇਹ ਵੀ ਕਿਹਾ ਕਿ ਪੁਲਵਾਮਾ ਹਮਲੇ ਲਈ ਧਮਾਕਾਖੇਜ਼ ਸਮੱਗਰੀ ਈ-ਕਾਮਰਸ ਮੰਚ ‘ਐਮੇਜ਼ੋਨ’ ਤੋਂ ਖਰੀਦੀ ਗਈ ਸੀ।
ਐੱਫਏਟੀਐੱਫ ਨੇ ਅਤਿਵਾਦੀ ਵਿੱਤੀ ਫੰਡਿੰਗ ਦੇ ਜੋਖਮਾਂ ਬਾਰੇ ਆਪਣੀ ਰਿਪੋਰਟ ’ਚ ‘ਅਤਿਵਾਦ ਨੂੰ ਸਰਕਾਰਾਂ ਵੱਲੋਂ ਮਦਦ’ ਦਿੱਤੇ ਜਾਣ ਨੂੰ ਵੀ ਉਭਾਰਿਆ ਤੇ ਕਿਹਾ ਕਿ ਜਨਤਕ ਤੌਰ ’ਤੇ ਉਪਲੱਬਧ ਸੂਚਨਾ ਦੇ ਵੱਖ ਵੱਖ ਸਰੋਤਾਂ ਅਤੇ ਇਸ ਰਿਪੋਰਟ ’ਚ ਵਫ਼ਦਾਂ ਦੇ ਵਿਚਾਰ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਅਤਿਵਾਦੀ ਸੰਗਠਨਾਂ ਨੂੰ ਕਈ ਮੁਲਕਾਂ ਦੀਆਂ ਸਰਕਾਰਾਂ ਤੋਂ ਵਿੱਤੀ ਤੇ ਹੋਰ ਕਈ ਤਰ੍ਹਾਂ ਦੀ ਹਮਾਇਤ ਪ੍ਰਾਪਤ ਹੁੰਦੀ ਰਹੀ ਹੈ ਅਤੇ ਹੁਣ ਵੀ ਮਿਲ ਰਹੀ ਹੈ।
ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਕਿਹਾ, ‘ਵਫ਼ਦਾਂ ਨੇ ਟੀਐੱਫ (ਅਤਿਵਾਦੀ ਫੰਡਿੰਗ) ਲਈ ਸਰਕਾਰੀ ਮਦਦ ਦੀ ਵਰਤੋਂ ਦਾ ਜ਼ਿਕਰ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਕੁਝ ਸੰਗਠਨਾਂ ਦੀ ਫੰਡ ਜੁਟਾਉਣ ਦੀ ਤਕਨੀਕ ਜਾਂ ਵਿੱਤੀ ਪ੍ਰਬੰਧਨ ਰਣਨੀਤੀ ਤਹਿਤ ਕੀਤਾ ਹੈ। ਮਦਦ ਦੇ ਕਈ ਰੂਪਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ’ਚ ਸਿੱਧੀ ਵਿੱਤੀ ਮਦਦ, ਸਾਜ਼ੋ-ਸਾਮਾਨ ਤੇ ਸਮੱਗਰੀ ਸਬੰਧੀ ਮਦਦ ਜਾਂ ਸਿਖਲਾਈ ਸ਼ਾਮਲ ਹੈ।’ ਐੱਫਏਟੀਐੱਫ ਨੇ ਭਾਰਤ ’ਚ ਅਤਿਵਾਦੀ ਹਮਲੇ ਲਈ ਸਮੱਗਰੀ ਦੀ ਖਰੀਦ ਦੇ ਮਕਸਦ ਨਾਲ ਈ-ਕਾਮਰਸ ਮੰਚਾਂ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਮਲੇ ’ਚ ਵਰਤੇ ਗਏ ਆਈਈਡੀ ਦਾ ਅਹਿਮ ਤੱਤ ਐਲੂਮੀਨੀਅਮ ਪਾਊਡਰ ਈ-ਕਾਮਰਸ ਮੰਚ ‘ਐਮੇਜ਼ੋਨ’ ਤੋਂ ਖਰੀਦਿਆ ਗਿਆ ਸੀ। -ਪੀਟੀਆਈ