ਫਾਂਸੀ ਮਾਮਲਾ: ਰਾਜੋਆਣਾ ਦੀ ਟੇਕ ਹੁਣ ਅਕਾਲ ਤਖ਼ਤ ’ਤੇ
ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼, ਜਥੇਦਾਰ ਨੂੰ ਫ਼ੈਸਲਾ ਲੈਣ ਲਈ ਅਪੀਲ
ਸਰਬਜੀਤ ਸਿੰਘ ਭੰਗੂ
ਆਪਣੀ ਫਾਂਸੀ ਸਬੰਧੀ ਕੇਸ ਦੇ ਨਿਬੇੜੇ ਲਈ ਬਲਵੰਤ ਸਿੰਘ ਰਾਜੋਆਣਾ ਨੇ ਹੁਣ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਫੈ਼ਸਲਾ ਲੈਣ ਦੀ ਅਪੀਲ ਕੀਤੀ ਹੈ। ਕੇਸ ਨੂੰ ਲਮਕਾਉਣ ਕਾਰਨ ਰਾਜੋਆਣਾ ਨੇ ਕੇਂਦਰ ਸਰਕਾਰ ’ਤੇ ਤਾਂ ਦੋਸ਼ ਲਾਏ ਹੀ ਹਨ, ਉਹ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਵੀ ਨਾਖ਼ੁਸ਼ ਹਨ।
ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਖ਼ਿਲਾਫ਼ ਰਾਜੋਆਣਾ ਦੋ ਵਾਰ ਮਰਨ ਵਰਤ ਰੱਖ ਚੁੱਕੇ ਹਨ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਨੇ ਉੱਚ ਪੱਧਰੀ ਕਮੇਟੀ ਵੀ ਬਣਾਈ ਪਰ ਕੋਈ ਲਾਭ ਨਾ ਹੋਇਆ। ਹੁਣ ਰਾਜੋਆਣਾ ਨੇ ਇਸ ਸਬੰਧੀ ਅਕਾਲ ਤਖ਼ਤ ਦੇ ਕਾਰਜਾਕਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਲਦ ਕੋਈ ਨਵਾਂ ਫ਼ੈਸਲਾ ਲੈਣ ਬਾਰੇ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਰਾਜੋਆਣਾ ਨੂੰ ਹੁਣ ਅਕਾਲ ਤਖਤ ’ਤੇ ਟੇਕ ਹੈ। ਰਾਜੋਆਣਾ ਦਾ ਕਹਿਣਾ ਹੈ ਕਿ ਜੇਲ੍ਹ ਵਿਚਲੇ ਤਿੰਨ ਦਹਾਕਿਆਂ ਵਿੱਚੋਂ ਉਸ ਦੇ ਦੋ ਦਹਾਕੇ ਤਾਂ ਫਾਂਸੀ ਚੱਕੀ ’ਚ ਹੀ ਲੰਘ ਗਏ।
ਪਿਛਲੇ ਦਿਨੀਂ ਰਾਜੋਆਣਾ ਨਾਲ ਜੇਲ੍ਹ ’ਚ ਮੁਲਾਕਾਤ ਲਈ ਆਏ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਰਾਜੋਆਣਾ ਨੇ ਕਮੇਟੀ ਵੱਲੋਂ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਲੈਣ ਲਈ ਆਖਿਆ ਸੀ, ਜਿਸ ’ਤੇ ਵਫ਼ਦ ਨੇ ਉਦੋਂ ਅਕਾਲ ਤਖ਼ਤ ਦੇ ਹੁਕਮ ਦਾ ਹਵਾਲਾ ਦੇ ਕੇ ਮਾਮਲਾ ਟਾਲ਼ ਦਿੱਤਾ ਸੀ। ਸ਼੍ਰੋਮਣੀ ਕਮੇਟੀ ਨੇ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਰਹਿਮ ਦੀ ਅਪੀਲ ਕੀਤੀ ਹੈ।

