ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿੱਚ ਗੁਰਦੁਆਰਾ ਲੰਗਰ ਸਾਹਿਬ ’ਚ ਪੰਥ ਰਤਨ ਬਾਬਾ ਨਿਧਾਨ ਸਿੰਘ ਦੀ 78ਵੀਂ ਬਰਸੀ ਮੌਕੇ ਅੱਜ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਬਾਬਾ ਨਿਧਾਨ ਸਿੰਘ ਸਣੇ ਬਾਬਾ ਹਰਨਾਮ ਸਿੰਘ, ਬਾਬਾ ਆਤਮਾ ਸਿੰਘ ਮੋਨੀ, ਬਾਬਾ ਸ਼ੀਸ਼ਾ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਸਾਲਾਨਾ ਸਮਾਗਮ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਵਿੱਚ ਪੰਜਾਬ ਸਣੇ ਦੁਨੀਆਂ ਭਰ ’ਚੋਂ ਸੰਗਤ ਨੇ ਹਾਜ਼ਰੀ ਭਰੀ। ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਕਿਹਾ ਕਿ ਸੇਵਾ ਤੇ ਸਿਮਰਨ ਸਭ ਤੋਂ ਉੱਤਮ ਹੈ, ਕਿਉਂਕਿ ਜੋ ਸੇਵਾ ਕਰਦਾ ਹੈ, ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦਾ ਵਿੱਦਿਆ ਕੇਂਦਰ ਹੈ, ਇਸ ਸੇਵਾ ਸੰਭਾਲ ਵਿੱਚ ਸ਼ੁਰੂ ਤੋਂ ਹੀ ਸੰਪਰਦਾਵਾਂ ਦੇ ਚੱਲਦੇ ਹੋਏ ਮੁਖੀ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਸੰਗਤ ਲਈ ਹਾਜ਼ਰ ਰਹਿੰਦੇ ਹਨ ਅਤੇ ਕੋਈ ਵੀ ਤਖ਼ਤ ਸਾਹਿਬ ਵੱਲੋਂ ਹੁਕਮ ਆਵੇ ਤਾਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਸਟੇਜ ਤੋਂ ਸੰਤ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਨਾਮ ਤੇ ਸਿਮਰਨ ਤੋਂ ਕੋਈ ਹੋਰ ਚੀਜ਼ ਵੱਡੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਇਥੇ ਚੱਲਕੇ ਆਈ ਹੈ, ਉਨ੍ਹਾਂ ਨੂੰ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਆਸਰਾ ਹੈ। ਇਸ ਮੌਕੇ ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਮੁੱਖ ਆਗੂ ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਸੰਗਤ ਲਈ ਸਭ ਤੋਂ ਵੱਡੀ ਸੇਵਾ ਲੰਗਰ ਦੀ ਹੈ, ਜਿਸ ਨੂੰ ਗੁਰੂ ਸਾਹਿਬਾਨ ਦੇ ਆਸਰੇ ਨਾਲ ਲੰਬੇ ਸਮੇਂ ਸੰਗਤ ਲਈ ਚਲਾਇਆ ਜਾ ਰਿਹਾ ਹੈ। ਇਸੇ ਦੌਰਾਨ ਬਾਬਾ ਜੱਸਾ ਸਿੰਘ ਸਣੇ ਕਈ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਦੱਸਿਆ ਕਿ ਇਸ ਵਾਰ ਹਜ਼ੂਰ ਸਾਹਿਬ ਵਿਖੇ ਬਾਬਾ ਨਿਧਾਨ ਸਿੰਘ ਦੀ 78ਵੀਂ ਬਰਸੀ ਮੌਕੇ ਦੁਨੀਆਂ ਭਰ ’ਚੋਂ ਵੱਡੀ ਪੱਧਰ ’ਤੇ ਸੰਗਤ ਪੁੱਜੀ ਹੈ।
+
Advertisement
Advertisement
Advertisement
Advertisement
×