ਕਤਲ ਤੋਂ ਬਾਅਦ ਵੀ Kamal Kaur Bhabhi ਦੇ ਫਾਲੋਅਰਜ਼ ਦੀ ਗਿਣਤੀ ’ਚ ਵਾਧਾ ਜਾਰੀ
Kamal Kaur’s followers count on rise even after her murder
ਅਰਚਿਤ ਵਾਟਸ
ਬਠਿੰਡਾ, 13 ਜੂਨ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ, ਜੋ ਲੋਕਾਂ ਵਿਚ ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਸੀ, ਦੇ ਕਤਲ ਤੋਂ ਬਾਅਦ ਉਸ ਦੀ ਆਨਲਾਈਨ ਮਕਬੂਲੀਅਤ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ। ਪਿਛਲੇ ਦੋ ਦਿਨਾਂ ਦੌਰਾਨ ਉਸ ਦੇ ਇੰਸਟਾਗ੍ਰਾਮ ਅਕਾਊਂਟ ਨਾਲ 20 ਹਜ਼ਾਰ ਤੋਂ ਵੱਧ ਨਵੇਂ ਫਾਲੋਅਰਜ਼ ਜੁੜੇ ਹਨ ਤੇ ਪ੍ਰਸ਼ੰਸਕਾਂ ਦੀ ਗਿਣਤੀ 3.83 ਲੱਖ ਤੋਂ ਵੱਧ ਕੇ 4.04 ਲੱਖ ਹੋ ਗਈ ਹੈ। ਕੰਚਨ ਕੁਮਾਰੀ ਦੇ ਫੇਸਬੁੱਕ ਫਾਲੋਅਰਜ਼ ਦੀ ਗਿਣਤੀ 1.74 ਲੱਖ ਤੋਂ ਵੱਧ ਕੇ 1.79 ਲੱਖ ਜਦੋਂਕਿ ਯੂਟਿਊਬ ਚੈਨਲ ਸਬਸਕ੍ਰਾਈਬਰ 2.36 ਲੱਖ ਤੋਂ 2.7 ਲੱਖ ਹੋ ਗਏ ਹਨ।
ਕੰਚਨ ਕੁਮਾਰੀ ਆਮ ਕਰਕੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ‘ਲੱਚਰ ਤੇੇ ਭੱਦੀ ਸ਼ਬਦਾਵਲੀ’ ਵਾਲਾ ਵਿਸ਼ਾ ਵਸਤੂ ਪਾਉਂਦੀ ਸੀ। ਹੁਣ ਤੱਕ ਦੀ ਪੁਲੀਸ ਜਾਂਚ ਮੁਤਾਬਕ ਕੰਚਨ ਕੁਮਾਰੀ ਨੂੰ ਪ੍ਰਮੋਸ਼ਨਲ ਵੀਡੀਓ ਦੇ ਬਹਾਨੇ ਬਠਿੰਡਾ ਸੱਦਿਆ ਗਿਆ ਸੀ। ਮਗਰੋਂ ਬੁੱਧਵਾਰ ਰਾਤ ਨੂੰ ਉਸ ਦੀ ਲਾਸ਼ ਆਦੇਸ਼ ਯੂਨੀਵਰਸਿਟੀ ਦੇ ਬਾਹਰ ਪਾਰਕ ਕੀਤੀ ਕਾਰ ’ਚੋਂ ਮਿਲੀ।
ਅਤਿਵਾਦੀ ਅਰਸ਼ ਡੱਲਾ ਤੋਂ ਇਲਾਵਾ ‘ਨਿਹੰਗ’ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਜਾਂਦੇ ਵੀਡੀਓਜ਼ ਅਤੇ ਉਸ ਦੇ ਸਕਰੀਨ ਨਾਮ ਵਿੱਚ ‘ਕੌਰ’ ਸ਼ਬਦ ਦੀ ਵਰਤੋਂ ’ਤੇ ਇਤਰਾਜ਼ ਜਤਾਇਆ ਸੀ। ਮਹਿਰੋਂ ਨੇ ਪਹਿਲਾਂ ਵੀ ਕੰਚਨ ਸਮੇਤ ਹੋਰਨਾਂ ਕੰਟੈਂਟ ਕ੍ਰਿਏਟਰਾਂ ’ਤੇ ਅਸ਼ਲੀਲਤਾ ਤੇ ਲੱਚਰਤਾ ਫੈਲਾਉਣ ਦਾ ਦੋਸ਼ ਲਾਉਂਦਿਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ।

