ਨਿਕਾਸੀ ਦਾ ਮਸਲਾ: ਸੀਨੀਅਰ ਮੀਤ ਪ੍ਰਧਾਨ ਨੇ ਕੌਂਸਲ ਦਫ਼ਤਰ ਨੂੰ ਜੜਿਆ ਤਾਲਾ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 14 ਜੁਲਾਈ
ਨਗਰ ਕੌਂਸਲ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਕੁਮਾਰ ਜੋਸ਼ੀ ਨੇ ਅੱਜ ਨਗਰ ਕੌਂਸਲ ਦੇ ਦਫ਼ਤਰ ਅਤੇ ਕੌਂਸਲ ਪ੍ਰਧਾਨ ਦੇ ਦਫ਼ਤਰ ਨੂੰ ਤਾਲਾ ਮਾਰ ਦਿੱਤਾ। ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਜੋਸ਼ੀ ਦੀ ਇਸ ਕਾਰਵਾਈ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਸਣੇ ਆਪਣੇ ਵਿਭਾਗ ਨੂੰ ਕੀਤੀ ਹੈ। 5 ਦਿਨਾਂ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨ ਹੋ ਰਹੇ ਸਨ ਅਤੇ ਆਪਣੀਆਂ ਸ਼ਿਕਾਇਤਾਂ ਲੈ ਕੇ ਨਗਰ ਕੌਂਸਲ ਦਫਤਰ ਪਹੁੰਚ ਰਹੇ ਸਨ, ਪਰ ਕੋਈ ਕਾਰਵਾਈ ਨਹੀਂ ਸੀ ਹੋ ਰਹੀ। ਅੱਜ ਦੁਪਹਿਰ ਵੇਲੇ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਕੁਮਾਰ ਜੋਸ਼ੀ ਨਗਰ ਕੌਂਸਲ ਦੇ ਦਫ਼ਤਰ ਆਏ ਅਤੇ ਕੌਂਸਲ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਕਿਸੇ ਦੀ ਨਾ ਤਾਂ ਕੋਈ ਸੁਣਵਾਈ ਹੋ ਰਹੀ ਹੈ ਅਤੇ ਨਾ ਹੀ ਕਿਸੇ ਦਾ ਕੋਈ ਕੰਮ ਹੋ ਰਿਹਾ। ਉਨ੍ਹਾਂ ਕਿਹਾ ਕਿ 5 ਦਿਨਾਂ ਤੋਂ ਲੋਕ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਹਨ ਪਰ ਕੌਂਸਲ ਦੇ ਅਧਿਕਾਰੀਆਂ ਨੇ ਕੋਈ ਮਸਲਾ ਤਾਂ ਹੱਲ ਕੀ ਕਰਨਾ ਸੀ, ਦਫਤਰ ਵਿੱਚ ਹੀ ਨਹੀਂ ਆ ਰਹੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਇਹ ਤਾਲਾ ਲੱਗਿਆ ਰਹੇਗਾ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੋਸ਼ੀ ਨੇ ਇਹ ਸਭ ਕੁਝ ਸਿਆਸੀ ਸ਼ਹਿ ’ਤੇ ਕੀਤਾ ਹੈ ਅਤੇ ਲੋਕਾਂ ਦੇ ਚੁਣੇ ਹੋਏ ਕਿਸੇ ਵੀ ਨੁਮਾਇੰਦੇ ਦੇ ਦਫ਼ਤਰ ਜਾਂ ਫਿਰ ਸਰਕਾਰੀ ਦਫ਼ਤਰ ਨੂੰ ਤਾਲਾ ਲਗਾਉਣਾ ਗ਼ੈਰਕਾਨੂੰਨੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮਿਲ ਕੇ ਸ਼ਿਕਾਇਤ ਕਰ ਦਿੱਤੀ ਅਤੇ ਆਪਣੇ ਵਿਭਾਗ ਨੂੰ ਵੀ ਕਾਰਵਾਈ ਕਰਨ ਲਈ ਈਮੇਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਨਗਰ ਕੌਂਸਲ ਆਪਣੇ ਵਿੱਤੀ ਬਜਟ ਅਨੁਸਾਰ ਕਰ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਲਈ ਵੀ 4 ਦਿਨਾਂ ਤੋਂ ਕੰਮ ਕੀਤਾ ਜਾ ਰਿਹਾ ਹੈ।