ਈਥਾਨੌਲ ਫੈਕਟਰੀ ਮਾਮਲਾ: ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ
ਤਣਾਅ ਵਧਣ ਮਗਰੋਂ ਸਕੂਲ, ਦੁਕਾਨਾਂ ਤੇ ਇੰਟਰਨੈੱਟ ਬੰਦ; ਪੁਲੀਸ ਵੱਲੋਂ ਲਾਠੀਚਾਰਜ; ਕਿਸਾਨਾਂ ਵੱਲੋਂ ਫੈਕਟਰੀ ਦੀ ਉਸਾਰੀ ਦਾ ਵਿਰੋਧ
ਇਥੋਂ ਨੇੜੇ ਰਾਜਸਥਾਨ ਦੇ ਕਸਬੇ ਟਿੱਬੀ ਖੇਤਰ ਦੇ ਪਿੰਡ ਰਾਠੀਖੇੜਾ ਵਿੱਚ ਨਿਰਮਾਣ ਅਧੀਨ ਈਥਾਨੌਲ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲੀਸ ਵਿਚਾਲੇ ਤਿੱਖੀ ਝੜਪ ਹੋਈ, ਜਿਸ ਕਾਰਨ ਪ੍ਰਸ਼ਾਸਨ ਨੇ ਟਿੱਬੀ ਦੇ ਨੇੜਲੇ ਪਿੰਡਾਂ ’ਚ ਇੰਟਰਨੈਟ ਬੰਦ ਕਰ ਦਿੱਤਾ। ਸਕੂਲਾਂ ਤੇ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ। ਕਿਸਾਨਾਂ ਨੇ ਨਿਰਮਾਣ ਅਧੀਨ ਈਥਾਨੌਲ ਫੈਕਟਰੀ ਦੀ ਕੰਧ ਤੋੜਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ, ਜਿਸ ਮਗਰੋਂ ਪੁਲੀਸ ਨੇ ਲਾਠੀਚਾਰਜ ਕੀਤਾ।
ਜ਼ਿਕਰਯੋਗ ਹੈ ਕਿ ਰਾਠੀਖੇੜਾ ਨੇੜੇ ਲਗਪਗ 450 ਕਰੋੜ ਦੀ ਲਾਗਤ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਈਥਾਨੌਲ ਫੈਕਟਰੀ ਬਣਾਈ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਟਿੱਬੀ ਖੇਤਰ ’ਚ ਧਾਰਾ 163 ਲਾਗੂ ਕੀਤੀ ਗਈ ਸੀ। ਐੱਸ ਪੀ ਹਰੀਸ਼ੰਕਰ ਨੇ ਟਿੱਬੀ ਖੇਤਰ ’ਚ ਲਗਪਗ 500 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਸਨ। ਫੈਕਟਰੀ ਦਾ ਵਿਰੋਧ ਕਰਨ ਲਈ ਕਿਸਾਨਾਂ ਨੇ ਅੱਜ ਇੱਥੇ ਮਹਾਪੰਚਾਇਤ ਬੁਲਾਈ ਸੀ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਫੈਕਟਰੀ ਦੇ ਨਿਰਮਾਣ ਨਾਲ ਇਲਾਕੇ ’ਚ ਪ੍ਰਦੂਸ਼ਣ ਵਧੇਗਾ। ਕਿਸਾਨਾਂ ਨੇ ਫੈਕਟਰੀ ਦਾ ਵਿਰੋਧ ਕਰਨ ਲਈ ਪਹਿਲਾਂ ਐੱਸ ਡੀ ਐੱਮ ਦਫਤਰ ਦੇ ਸਾਹਮਣੇ ਮੀਟਿੰਗ ਕੀਤੀ ਤੇ ਇਸ ਮਗਰੋਂ ਸ਼ਾਮ 4 ਵਜੇ ਫੈਕਟਰੀ ਦੀ ਕੰਧ ਤੋੜਨ ਲਈ ਮਾਰਚ ਕੀਤਾ।
ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਕਿਸਾਨ ਫੈਕਟਰੀ ਵੱਲ ਵਧਣ ਲੱਗੇ ਤਾਂ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ। ਕਾਂਗਰਸ ਤੇ ਸੀ ਪੀ ਆਈ (ਐੱਮ) ਸਣੇ ਕਈ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। ਫਿਲਹਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਗਿਆ ਹੈ। ਫੈਕਟਰੀ ਦੀ ਉਸਾਰੀ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਬਲ ਤਾਇਨਾਤ ਕੀਤੇ ਹਨ।

