ਪੰਜਾਬ ਵਿੱਚ ਗਿਆਰ੍ਹਵੀਂ ਦੇ ਵਿਦਿਆਰਥੀਆਂ ਲਈ ‘ਉੱਦਮਤਾ’ ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਅੱਜ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਅਕਾਦਮਿਕ ਸਾਲ 2025-26 ਵਿੱਚ ਸ਼ੁਰੂ ਹੋਣ ਵਾਲੀ ਪਹਿਲਕਦਮੀ ਦੀ ਸ਼ੁਰੂਆਤ ਚੰਡੀਗੜ੍ਹ ਵਿੱਚ ਕੀਤੀ ਗਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਸਕੂਲ ਸਿੱਖਿਆ ਵਿੱਚ ਉੱਦਮਤਾ ਨੂੰ ਰਸਮੀ ਤੌਰ ’ਤੇ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਇਸ ਦਾ ਮਕਸਦ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪਾਠਕ੍ਰਮ ਤਹਿਤ ਵਿਦਿਆਰਥੀ ਟੀਮਾਂ ਬਣਾਉਣਗੇ ਅਤੇ ਵਪਾਰਕ ਵਿਚਾਰ ਵਿਕਸਤ ਕਰਨਗੇ। ਇਸ ਵਿੱਚ ਪ੍ਰੀਖਿਆ ਦਾ ਵਿਦਿਆਰਥੀਆਂ ’ਤੇ ਕੋਈ ਬੋਝ ਨਹੀਂ ਹੋਵੇਗਾ, ਲਿਖਤੀ ਪ੍ਰੀਖਿਆਵਾਂ ਦੀ ਥਾਂ ਸਕੂਲ-ਆਧਾਰਤ ਮੁਲਾਂਕਣ ਹੋਵੇਗਾ। ਇਸ ਵਿਸ਼ੇ ਦੇ ਸਾਲਾਨਾ 18 ਪੀਰੀਅਡ (3 ਥਿਊਰੀ ਅਤੇ 15 ਪ੍ਰਾਜੈਕਟ ਆਧਾਰਤ) ਹੋਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਵੰਬਰ 2022 ਵਿੱਚ ਪੰਜਾਬ ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ ਅਧੀਨ ਸ਼ੁਰੂ ਕੀਤੀ ਗਈ ਸੀ। ਸੂਬੇ ਦੇ 32 ਸਕੂਲਾਂ ਤੇ 11,041 ਵਿਦਿਆਰਥੀਆਂ ਨਾਲ ਸ਼ੁਰੂ ਪ੍ਰੋਗਰਾਮ ਤਹਿਤ ਸ਼ਾਨਦਾਰ ਨਤੀਜ਼ੇ ਪ੍ਰਾਪਤ ਹੋੲੋ। ਇਸ ਦਾ ਵਿਸਥਾਰ ਕਰਦਿਆਂ ਹੁਣ 1,927 ਸਕੂਲਾਂ ਦੇ ਲਗਪਗ 1.8 ਲੱਖ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਪ੍ਰਮੁੱਖ ਕੋਰਸ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਨਵੀਨਤਾ ਅਤੇ ਉੱਦਮਤਾ ਦੇ ਨਵੇਂ ਯੁੱਗ ਵਿੱਚ ਦਾਖ਼ਲ ਹੋ ਜਾਵੇਗੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਪੰਜਾਬ ਦੇ ਸਕੂਲ ਤੋਂ ਪਾਸ ਹੋਣ ਵਾਲੇ ਹਰ ਵਿਦਿਆਰਥੀ ਕੋਲ ਆਪਣਾ ਉੱਦਮ ਜਾਂ ਕੰਪਨੀ ਸ਼ੁਰੂ ਕਰਨ ਲਈ ਹੁਨਰ ਅਤੇ ਵਿਆਪਕ ਗਿਆਨ ਹੋਵੇਗਾ।