ਲੁਧਿਆਣਾ ’ਚ ਪੁਲੀਸ ਤੇ ਦਹਿਸ਼ਤਗਰਦਾਂ ਦਰਮਿਆਨ ਮੁਕਾਬਲਾ; ਦੋ ਜ਼ਖ਼ਮੀ
ਦੋ ਹੈਂਡ ਗ੍ਰੇਨੇਡ, ਚਾਰ ਪਿਸਤੌਲ ਅਤੇ ਪੰਜਾਹ ਤੋਂ ਵੱਧ ਕਾਰਤੂਸ ਬਰਾਮਦ; ਪਾਕਿਸਤਾਨ ਦੀ ਆੲੀ ਐਸ ਆੲੀ ਲੲੀ ਕੰਮ ਕਰਨ ਦੇ ਚਰਚੇ
ਲੁਧਿਆਣਾ ਪੁਲੀਸ ਨੇ ਪੰਜਾਬ ਵਿੱਚ ਵੱਡੀ ਵਾਰਦਾਤ ਕਰਨ ਵਾਲੇ ਕਥਿਤ ਦੋ ਦਹਿਸ਼ਤਗਰਦਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਹੈ। ਪੁਲੀਸ ਨੇ ਅੱਜ ਦੇਰ ਸ਼ਾਮ ਦੋ ਦਹਿਸ਼ਤਗਰਦਾਂ ਦਾ ਪਿੱਛਾ ਕੀਤਾ ਤੇ ਮੁਕਾਬਲੇ ਦੌਰਾਨ ਦੋਵੇਂ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਦੋਵੇਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਜਿਸ ਦਾ ਪਤਾ ਲਗਦੇ ਹੀ ਲੁਧਿਆਣਾ ਪੁਲੀਸ ਦੀ ਟੀਮ ਲਾਡੋਵਾਲ ਟੌਲ ਪਲਾਜ਼ਾ ਨੇੜੇ ਪੁੱਜੀ, ਜਿਥੇ ਉਨ੍ਹਾਂ ਦਾ ਪੁਲੀਸ ਨਾਲ ਮੁਕਾਬਲਾ ਹੋ ਗਿਆ। ਪੁਲੀਸ ਟੀਮ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਦੋਵੇਂ ਜ਼ਖਮੀ ਹੋ ਗਏ। ਪੁਲੀਸ ਮੁਕਾਬਲੇ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਪੂਰੀ ਟੀਮ ਨਾਲ ਮੌਕੇ ’ਤੇ ਪੁੱਜੇ ਤੇ ਦੋਵਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਮੌਕੇ ਤੋਂ ਦੋ ਹੈਂਡ ਗ੍ਰਨੇਡ, ਚਾਰ ਪਿਸਤੌਲ ਅਤੇ 50 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਨ ਦੇ ਚਰਚੇ ਹਨ ਪਰ ਇਸ ਦੀ ਅਧਿਕਾਰਤ ਤੌਰ ’ਤੇ ਹਾਲੇ ਪੁਸ਼ਟੀ ਨਹੀਂ ਹੋਈ।

