ਜਸਬੀਰ ਸਿੰਘ ਚਾਨਾ
ਅੱਜ ਸਵੇਰੇ ਗੈਂਗਸਟਰ ਤੇ ਪੁਲੀਸ ਵਿਚਕਾਰ ਗੋਲੀਆਂ ਚੱਲੀਆਂ। ਇਸ ਦੌਰਾਨ ਪੁਲੀਸ ਨੇ ਗੈਂਗਸਟਰ ਨੂੰ ਕਾਬੂ ਕਰਕੇ ਉਸ ਕੋਲੋਂ ਪਿਸਤੌਲ ਸਣੇ ਮੈਗਜ਼ੀਨ, ਚਾਰ ਰੌਂਦ, ਤਿੰਨ ਖੋਲ ਤੇ ਮੋਟਰਸਾਈਕਲ ਬਰਾਮਦ ਕੀਤਾ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਐੱਸਐੱਚਓ ਸੁਲਤਾਨਪੁਰ ਲੋਧੀ ਸੋਮਨਦੀਪ ਕੌਰ ਦੀ ਅਗਵਾਈ ਹੇਠ ਪੁਲੀਸ ਵੱਲੋਂ 15 ਅਗਸਤ ਦੇ ਸਬੰਧ ’ਚ ਨਾਕਾ ਲਾਇਆ ਹੋਇਆ ਸੀ। ਪਿੰਡ ਝੱਲ ਲਈ ਵਾਲਾ ਨੇੜੇ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਵਾਹਨ ਡਡਵਿੰਡੀ ਵੱਲ ਭਜਾ ਲਿਆ। ਇਸ ਦੌਰਾਨ ਮੋਟਰਸਾਈਕਲ ਸਲਿੱਪ ਹੋਣ ਕਾਰਨ ਉਹ ਡਿੱਗ ਗਿਆ ਤੇ ਉਸ ਨੇ ਡਿੱਗਦੇ ਸਾਰ ਹੀ ਪੁਲੀਸ ’ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਗੋਲੀ ਮੁਲਜ਼ਮ ਦੇ ਪੈਰ ’ਚ ਵੱਜੀ ਤੇ ਉਹ ਜ਼ਖ਼ਮੀ ਹੋ ਗਿਆ। ਮਗਰੋਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਜੱਬੋਵਾਲ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ’ਤੇ 5-6 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਫਰਵਰੀ 2025 ’ਚ ਉਸ ’ਤੇ ਕਤਲ ਦਾ ਕੇਸ ਵੀ ਦਰਜ ਹੋਇਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਮਈ 2025 ’ਚ ਬਲਵਿੰਦਰ ਬਿੱਲਾ ਕਰਤਾਰਪੁਰ ਪੁਲੀਸ ਥਾਣੇ ’ਚ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜਿਆ ਸੀ ਤੇ ਉੱਥੇ ਵੀ ਇਸ ਉੱਪਰ ਇਰਾਦਾ ਕਤਲ ਦਾ ਕੇਸ ਦਰਜ ਹੋਇਆ। ਇਸ ਮੌਕੇ ਐੱਸਪੀ (ਡੀ) ਪੀਐੱਸ ਵਿਰਕ, ਡੀਐੱਸਪੀ ਪਰਮਿੰਦਰ ਸਿੰਘ ਅਤੇ ਐੱਸਐੱਚਓ ਸੋਨਮਦੀਪ ਕੌਰ ਤੋਂ ਹਾਜ਼ਰ ਸਨ। ਜ਼ਖਮੀ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।