ਮੁੱਖ ਮੰਤਰੀ ਦੇ ਹਲਕੇ ’ਚ ਰੈਲੀ ਕਰਨਗੇ ਮੁਲਾਜ਼ਮ ਤੇ ਪੈਨਸ਼ਨਰ
27 ਨੂੰ ਧੂਰੀ ਸਥਿਤ ਮੁੱਖ ਮੰਤਰੀ ਦਫ਼ਤਰ ’ਚ ਦਿੱਤਾ ਜਾਵੇਗਾ ਰੈਲੀ ਦਾ ਨੋਟਿਸ
ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਅੱਜ ਇਥੇ ਪੈਨਸ਼ਨਰ ਭਵਨ ਵਿੱਚ ਸੂਬਾ ਪੱਧਰੀ ਮੀਟਿੰਗ ਕਰ ਕੇ 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਸੂਬਾ ਪੱਧਰੀ ਰੈਲੀ ਅਤੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਚਰਚਾ ਲਈ ਸਾਂਝੇ ਫਰੰਟ ਦੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਸੂਬਾ ਕਨਵੀਨਰਾਂ ਧਨਵੰਤ ਸਿੰਘ ਭੱਠਲ, ਰਣਜੀਤ ਸਿੰਘ ਰਾਣਵਾਂ, ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਲਜ਼ਾਰ ਖਾਨ, ਅਮਰੀਕ ਸਿੰਘ ਕੰਗ, ਮਨਜਿੰਦਰ ਸਿੰਘ, ਰਾਧੇ ਸ਼ਿਆਮ ਤੇ ਜਗਦੀਸ਼ ਚਾਹਲ ਨੇ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰ ਅਤੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਨਾਲੋਂ 16 ਫ਼ੀਸਦੀ ਘੱਟ ਮਹਿੰਗਾਈ ਭੱਤਾ ਦੇ ਰਹੀ ਹੈ। ਸਾਂਝੇ ਫਰੰਟ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਇਨਕਾਰੀ ਹੋ ਚੁੱਕੀ ਹੈ, ਜਦੋਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ‘ਆਪ’ ਵੱਲੋਂ ਕਈ ਗਰੰਟੀਆਂ ਦਿੱਤੀਆਂ ਗਈਆਂ ਸਨ। ਸਾਂਝੇ ਫਰੰਟ ਦੇ ਆਗੂਆਂ ਸੁਰਿੰਦਰ ਰਾਮ ਕੁੱਸਾ, ਕੁਲਵਰਨ ਸਿੰਘ, ਐੱਨ ਡੀ ਤਿਵਾੜੀ, ਹਰਦੀਪ ਟੋਡਰਪੁਰ, ਸੁਰਿੰਦਰ ਪੁਆਰੀ, ਨਿਰਭੈ ਸਿੰਘ, ਰਛਪਾਲ ਸਿੰਘ, ਜ਼ੈਲ ਸਿੰਘ ਨੇ ਕਿਹਾ ਕਿ 27 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦੇ ਨਾਮ 16 ਨਵੰਬਰ ਦੀ ਰੈਲੀ ਦਾ ਨੋਟਿਸ ਦਿੱਤਾ ਜਾਵੇਗਾ ਅਤੇ ਰੈਲੀ ਦੇ ਪ੍ਰਬੰਧਾਂ ਸਬੰਧੀ ਅੰਤਿਮ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਲੀਲ, ਸਰਬਜੀਤ ਸਿੰਘ, ਚਮਕੌਰ ਸਿੰਘ, ਕੇਵਲ ਸਿੰਘ ਬਨਵੈਤ, ਬਲਵਿੰਦਰ ਸਿੰਘ ਬਾਜਵਾ, ਰਮਨਜੀਤ ਸੰਧੂ, ਬਿੱਕਰ ਸਿੰਘ ਤੇ ਦਰਸ਼ਨ ਸਿੰਘ ਹਾਜ਼ਰ ਸਨ।

