DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਦੀ ਲੋੜ ’ਤੇ ਜ਼ੋਰ

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ’ਤੇ ਵਿਚਾਰ-ਚਰਚਾ
  • fb
  • twitter
  • whatsapp
  • whatsapp
featured-img featured-img
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਵਿਚਾਰ-ਚਰਚਾ ਕਰਦੇ ਹੋਏ ਕਮੇਟੀ ਮੈਂਬਰ।
Advertisement

ਹਤਿੰਦਰ ਮਹਿਤਾ

ਜਲੰਧਰ, 24 ਮਈ

Advertisement

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 129ਵੇਂ ਜਨਮ ਦਿਹਾੜੇ ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗਦਰ ਇਤਿਹਾਸ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ, ਅਜੋਕੇ ਹਾਲਾਤ ਅਤੇ ਫ਼ਰਜ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਵਿਚਾਰ ਚਰਚਾ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਵੱਲੋਂ ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀ ਜੀਵਨ ਦੀਆਂ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਦੀਆਂ ਸੰਗਰਾਮੀ ਪੈੜਾਂ ਤੋਂ ਪ੍ਰੇਰਨਾ ਲੈਣ ਦੇ ਸ਼ਬਦਾਂ ਨਾਲ ਹੋਇਆ।

ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਨੂੰ ਆਪਣੇ ਚੌਗਿਰਦੇ ਦਾ ਅਧਿਐਨ ਕਰਦਿਆਂ ਆਪਣੀ ਵਿਰਾਸਤ ਨਾਲ ਜੁੜਨ ਅਤੇ ਆਲਮੀ ਪੱਧਰ ’ਤੇ ਤਿੱਖੇ ਹੋ ਰਹੇ ਸਵਾਲਾਂ ਨੂੰ ਮੁਖ਼ਾਤਿਬ ਹੋਣ ਦੀ ਲੋੜ ਹੈ। ਕਮੇਟੀ ਮੈਂਬਰ ਸੁਰਿੰਦਰ ਕੁਮਾਰ ਕੋਛੜ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਚੇਤਨਾ ਦੀ ਰੌਸ਼ਨੀ ਵੰਡਦਾ ਜੀਵਨ ਅੱਜ ਦੀ ਜਵਾਨੀ ਤੋਂ ਕੁਝ ਆਸ ਕਰਦਾ ਹੈ। ਇਸ ਦੌਰਾਨ ਉਨ੍ਹਾਂ ਆਜ਼ਾਦੀ ’ਚ ਔਰਤਾਂ ਦੇ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਕੀਤਾ। ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਜਿੱਥੇ ਉਸ ਦੇ ਨਿਕੜੀ ਉਮਰ ਦੇ ਵਡੇਰੇ ਕਾਰਜਾਂ ਨੂੰ ਸਿਜਦਾ ਕਰਨਾ ਬਣਦਾ ਹੈ ਉਥੇ ਉਨ੍ਹਾਂ ਦੇ ਨਾਲ ਸਿਦਕ ਦਿਲੀ ਨਾਲ ਕੰਮ ਕਰਦੀ ਰਹੀ ਗ਼ਦਰੀ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸੌਵੀਂ ਵਰ੍ਹੇਗੰਢ ਮੌਕੇ ਔਰਤਾਂ ਦੀ ਮਹੱਤਵਪੂਰਨ ਇਤਿਹਾਸਕ ਭੂਮਿਕਾ ਤੋਂ ਵੀ ਸਬਕ ਲੈਣ ਦੀ ਲੋੜ ਹੈ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਅਜੋਕੀ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਇਤਿਹਾਸ ਅਤੇ ਆਪਣੀ ਵਿਰਾਸਤ ਨਾਲ ਜੋੜਨ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਕਮੇਟੀ ਮੈਂਬਰ ਅਤੇ ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਹਰਮੇਸ਼ ਮਾਲੜੀ, ਪ੍ਰਗਟ ਸਿੰਘ ਜਾਮਾ ਰਾਏ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਲਾਇਬਰੇਰੀ ਦੇ ਵਿਦਿਆਰਥੀਆਂ, ਪੱਤਰਕਾਰਾਂ, ਮਜ਼ਦੂਰਾਂ ਅਤੇ ਬੇਜ਼ਮੀਨੇ ਕਿਰਤੀ ਲੋਕਾਂ ਦੇ ਪ੍ਰਤੀਨਿਧੀਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ‘ਸਮੇਂ ਨੂੰ ਸਰਾਭਿਆਂ ਦੀ ਲੋੜ’ ਦਾ ਸੁਨੇਹਾ ਦੇਣ ’ਚ ਸਫ਼ਲ ਰਿਹਾ।

Advertisement
×