ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਥਾਨਕ 66 ਕੇਵੀ ਗਰਿੱਡ ਵਿਖੇ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਪੈਨਸ਼ਨ ਨੋਟੀਫਿਕੇਸ਼ਨ-2022 ਦੀਆਂ ਕਾਪੀਆਂ ਸਾੜਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਰੋਸ ਰੈਲੀ ਦੌਰਾਨ ਸੰਬੋਧਨ ਕਰਦਿਆਂ ਇੰਜ: ਗੁਰਲਾਭ ਸਿੰਘ ਮੌੜ, ਇੰਜ: ਰਾਜੇਸ਼ ਕੁਮਾਰ, ਇੰਜ: ਅੰਤਪਾਲ, ਹਰਬੰਸ ਸਿੰਘ ਦਿਦਾਰਗੜ੍ਹ, ਜਗਤਾਰ ਸਿੰਘ ਉੱਪਲੀ, ਗੁਰਵਿੰਦਰ ਸਿੰਘ ਤੇ ਜਸਪ੍ਰਤਾਪ ਸਿੰਘ ਨੇ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਆਪਣੇ ਚੋਣ ਵਾਅਦੇ ਨੂੰ ਸਰਕਾਰ ਦੇ ਕਰੀਬ 4 ਸਾਲ ਲੰਘਣ ਦੇ ਬਾਵਜੂਦ ਅਜੇ ਤੱਕ ਪੂਰਾ ਨਹੀਂ ਕੀਤਾ। ਜਿਸ ਕਾਰਨ ਸਮੂਹ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਅੰਦਰ ਸਰਕਾਰ ਵਿਰੁੱਧ ਭਾਰੀ ਰੋਸ ਹੈ।
ਆਗੂਆਂ ਕਿਹਾ ਕਿ ਸਰਕਾਰ ਨੇ ਅਜੇ ਵੀ ਜੇਕਰ ਸਮਾਂ ਰਹਿੰਦੇ ਉਕਤ ਮੰਗ ਦੀ ਪੂਰਤੀ ਨਾ ਕੀਤੀ ਤਾਂ ਜਿੱਥੇ ਮੁਲਾਜ਼ਮ ਤਿੱਖੇ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ ਉੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪਰਿਵਾਰਾਂ ਦੀ ਨਾਰਾਜ਼ਗੀ ਦੇ ਚਲਦਿਆਂ ਸਿਆਸੀ ਖਮਿਆਜ਼ਾ ਵੀ ਭੁਗਤਨਾ ਪੈ ਸਕਦਾ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਫੌਰੀ ਬਹਾਲ ਕੀਤੀ ਜਾਵੇ। ਅਖ਼ੀਰ ਵਿੱਚ ਨੋਟੀਫਿਕੇਸ਼ਨ -2022 ਦੀਆਂ ਕਾਪੀਆਂ ਸਾੜਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ, ਗਗਨਦੀਪ, ਰਾਜਵਿੰਦਰ ਸਿੰਘ, ਸੁਮੀਤ ਗੋਇਲ, ਕਮਲਜੀਤ ਸਿੰਘ ਜਲੂਰ, ਸਤਿੰਦਰਪਾਲ ਸਿੰਘ, ਪੰਕਜ ਕੁਮਾਰ ਆਦਿ ਆਗੂ ਵੀ ਹਾਜ਼ਰ ਸਨ।

